ਚੰਡੀਗੜ੍ਹ, 22 ਨਵੰਬਰ (ਤਰੁਣ ਭਜਨੀ): ਚੰਡੀਗੜ੍ਹ ਵਿਚ ਬੀਤੇ ਸ਼ੁਕਰਵਾਰ ਨੂੰ ਵਾਪਰੇ ਸਮੂਹਕ ਬਲਾਤਕਾਰ ਮਾਮਲੇ ਵਿਚ ਮੁਲਜ਼ਮਾਂ ਦੇ ਹੁਣ ਤਕ ਨਾ ਫੜੇ ਜਾਣ ਕਾਰਨ ਪੁਲਿਸ ਨੇ ਬੁਧਵਾਰ ਨੂੰ ਉਨ੍ਹਾਂ ਦਾ ਪੋਸਟਰ ਜਾਰੀ ਕਰ ਦਿਤਾ ਹੈ। ਪੁਲਿਸ ਨੇ ਆਮ ਜਨਤਾ ਨੂੰ ਵੀ ਮੁਲਜ਼ਮਾਂ ਦੀ ਸੂਚਨਾ ਦੇਣ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਜਿਹੜਾ ਪੁਲਿਸ ਮੁਲਾਜਮ ਮੁਲਜ਼ਮਾਂ ਨੂੰ ਫੜ ਕੇ ਲਿਆਵੇਗਾ, ਉਸ ਨੂੰ ਵਿਭਾਗ ਵਲੋਂ ਵੱਡਾ ਇਨਾਮ ਅਤੇ ਤਰੱਕੀ ਦਿਤੀ ਜਾਵੇਗੀ। ਐਸ.ਐਸ.ਪੀ. ਨਿਲਾਂਬਰੀ ਵਿਜੇ ਜਗਦਲੇ ਨੇ ਇਸ ਦਾ ਐਲਾਨ ਕੀਤਾ ਹੈ। ਫਿਲਹਾਲ ਪੁਲਿਸ ਹਰ ਪਹਿਲੂ ਤੇ ਮਾਮਲੇ ਦੀ ਜਾਂਚ ਕਰਨ ਵਿਚ ਜੁਟੀ ਹੋਈ ਹੈ। ਐਸ.ਐਸ.ਪੀ. ਖ਼ੁਦ ਇਸ ਮਾਮਲੇ ਦੀ ਬਾਰੀਕੀ ਵਿਚ ਤਫ਼ਤੀਸ਼ ਕਰ ਰਹੀ ਹੈ। ਉਨ੍ਹਾਂ ਦਸਿਆ ਕਿ ਪੁਲਿਸ ਸੀ ਐਚ 78 ਸੀਰੀਜ਼ ਵਾਲੇ ਆਰਜ਼ੀ ਨੰਬਰ ਵਾਲੇ ਆਟੋ ਦੀ ਭਾਲ ਕਰ ਰਹੀ ਹੈ ਜਿਸ ਲਈ ਸਟੇਟ ਟਰਾਂਸਪੋਰਟ ਅਥਾਰਟੀ ਤੋਂ ਰੀਕਾਰਡ ਲਿਆ ਗਿਆ ਹੈ। ਉਨ੍ਹਾਂ ਅਨੁਸਾਰ ਪੀੜਤਾ ਨੇ ਪੁਲਿਸ ਨੂੰ ਦਿਤੇ ਅਪਣੇ ਬਿਆਨਾਂ ਵਿਚ ਦਸਿਆ ਕਿ ਇਕ ਮੁਲਜ਼ਮ ਨੇ ਸ਼ਰਾਬ ਪਿਤੀ ਹੋਈ ਸੀ ਅਤੇ ਉਸ ਤੋਂ ਸ਼ਰਾਬ ਦੀ ਬਦਬੂ ਵੀ ਆ ਰਹੀ ਸੀ।