ਹਾਈ ਕੋਰਟ ਤੋਂ ਸੁਖਨਾ ਝੀਲ ਤਕ ਪੈਦਲ ਯਾਤਰਾ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 11 ਨਵੰਬਰ (ਨੀਲ ਭਲਿੰਦਰ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਅਤੇ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਦੇ ਸਰਪ੍ਰਸਤ ਐਸ.ਜੇ. ਵਜ਼ੀਫ਼ਦਾਰ ਨੇ ਅੱਜ ਪੰਜਾਬ, ਹਰਿਆਣਾ ਅਤੇ ਯੂ.ਟੀ. ਚੰਡੀਗੜ੍ਹ ਦੇ ਲੋਕਾਂ ਨਾਲ ਜੁੜਨ ਅਤੇ ਸਮਾਜ ਦੇ ਗ਼ਰੀਬ ਅਤੇ ਗ਼ਰੀਬੀ ਰੇਖਾ ਤੋਂ ਹੇਠਲੇ ਹਿੱਸੇ ਵਾਲੇ ਲੋਕਾਂ ਨੂੰ ਕਾਨੂੰਨੀ ਸੇਵਾਵਾਂ ਦੀ ਉਪਲੱਬਧਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਪੈਦਲ ਯਾਤਰਾ (ਦਾ ਵਾਕ) ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਪੈਦਲ ਯਾਤਰਾ ਨੂੰ ਸ਼ੁਰੂ ਕਰਨ ਮੌਕੇ ਜੱਜ ਸ੍ਰੀ ਏ.ਕੇ ਮਿੱਤਲ, ਜੱਜ ਸ੍ਰੀ ਸੂਰਿਆ ਕਾਂਤ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਮਾਣਯੋਗ ਜੱਜ ਟੀ.ਪੀ.ਐਸ ਮਾਨ ਵੀ ਮੌਜੂਦ ਸਨ।
ਇਹ ਪੈਦਲ ਯਾਤਰਾ ਹਾਈ-ਕੋਰਟ ਤੋਂ ਲੈ ਕੇ ਸੁਖਨਾ ਝੀਲ ਤਕ ਸੀ, ਜਿਸ ਵਿਚ ਹਾਈ ਕੋਰਟ, ਮੋਹਾਲੀ, ਪੰਚਕੂਲਾ ਅਤੇ ਚੰਡੀਗੜ੍ਹ ਦੇ ਜੱਜਾਂ, ਵਕੀਲਾਂ, ਵਿਦਿਆਰਥੀਆਂ ਅਤੇ ਪੈਰਾ ਲੀਗਲ ਵਲੰਟੀਅਰਾਂ ਨੇ ਭਾਗ ਲਿਆ। ਇਨ੍ਹਾਂ ਤੋਂ ਇਲਾਵਾ ਇਸ ਜਾਗਰੂਕਤਾ ਪੈਦਲ ਯਾਤਰਾ ਵਿਚ ਚੰਡੀਗੜ ਯੂਨੀਵਰਸਟੀ ਘੜੂੰਆਂ, ਰਿਆਤ ਬਹਾਰਾ ਯੂਨੀਵਰਸਟੀ ਖਰੜ, ਯੂਨੀਵਰਸਲ ਲਾਅ ਕਾਲਜ ਲਾਲੜੂ ਦੇ ਵਿਦਿਆਰਥੀਆਂ ਅਤੇ ਐਸ.ਏ.ਐਸ ਨਗਰ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਭਾਗ ਲਿਆ।
ਹਾਈ ਕੋਰਟ ਤੋਂ ਸ਼ੁਰੂ ਹੋਏ ਇਸ ਪੈਦਲ ਮਾਰਚ ਵਿਚ ਲੋਕਾਂ ਅਤੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ। ਪੈਦਲ ਮਾਰਚ ਦੌਰਾਨ ਭਾਗ ਲੈਣ ਵਾਲਿਆਂ ਨੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਲੈਣ ਬਾਰੇ ਸੰਦੇਸ਼ ਅਤੇ ਕਾਨੂੰਨੀ ਸੇਵਾਵਾਂ ਸਬੰਧੀ ਨਿਰਦੇਸ਼ਾਂ ਅਤੇ ਸੰਪਰਕ ਨੰਬਰਾਂ ਤਖ਼ਤੀਆਂ ਨੂੰ ਲਹਿਰਾਇਆ ਤਾਂ ਜੋ ਲੋੜਵੰਦਾਂ ਨੂੰ ਇਸ ਸਹੂਲਤ ਬਾਰੇ ਜਾਗਰੂਕ ਕੀਤਾ ਜਾ ਸਕੇ।