ਹਫ਼ਤੇ 'ਚ ਗੱਡੀਆਂ ਲੁਟਣ ਦੀਆਂ ਤਿੰਨ ਵਾਰਦਾਤਾਂ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 18 ਦਸੰਬਰ (ਤਰੁਣ ਭਜਨੀ) : ਸ਼ਹਿਰ ਵਿਚ ਬੀਤੇ ਕੁੱਝ ਦਿਨਾਂ ਵਿਚ ਪਿਸਤੋਲ ਦੀ ਨੋਕ ਤੇ ਗੱਡੀਆਂ ਲੁਟਣ ਦੇ ਮਾਮਲੇ ਵਧੇ ਹਨ। ਇਕ ਹਫ਼ਤੇ ਵਿਚ ਪਿਸਤੋਲ ਵਿਖਾਕੇ ਗੱਡੀ ਅਤੇ ਕੀਮਤੀ ਸਮਾਨ ਲੁਟਣ ਦੀਆਂ ਹੁਣ ਤਕ ਤਿੰਨ ਵਾਰਦਾਤਾਂ ਵਾਪਰ ਚੁੱਕੀ ਹਨ। ਤਾਜ਼ਾ ਮਾਮਲਾ ਸ਼ਨਿਚਰਵਾਰ ਦੇਰ ਰਾਤ ਸੈਕਟਰ 33/45 ਦੀਆਂ ਬੱਤੀਆਂ ਨੇੜੇ ਦਾ ਹੈ। ਜਿਥੇ ਇੰਡੀਕਾ ਕਾਰ ਵਿਚ ਸਵਾਰ ਚਾਰ ਲੋਕਾਂ ਨੇ ਪਹਿਲਾਂ ਇਨੋਵਾ ਕਾਰ ਨੂੰ ਟੱਕਰ ਮਾਰੀ, ਉਸਤੋਂ ਬਾਅਦ ਜਿਵੇਂ ਹੀ ਇਨੋਵਾ ਦਾ ਚਾਲਕ ਬਾਹਰ ਆਇਆ ਤਾਂ ਉਸਦੇ ਸਿਰ ਤੇ ਪਿਸਤੋਲ ਰੱਖ ਕੇ 3500 ਰੁਪਏ ਨਗਦ, ਮੋਬਾਈਲ ਅਤੇ ਇਨੋਵਾ ਕਾਰ ਲੈ ਕੇ ਫਰਾਰ ਹੋ ਗਏ। ਇਨੋਵਾ ਕਾਰ ਚਾਲਕ ਜਗਦੀਪ ਨੇ ਪੁਲਿਸ ਨੂੰ ਦੱਸਿਆ ਕਿ ਉਹ ਸੈਕਟਰ 46 ਸਥਿਤ ਅਜਾਦ ਟੈਕਸੀ ਸਟੈਂਡ ਵਿਚ ਡਰਾਇਵਰ ਦਾ ਕੰਮ ਕਰਦਾ ਹੈ। ਰਾਤ ਨੂੰ ਸਵਾਰੀ ਛੱਡਣ ਲਈ ਉਹ ਸੈਕਟਰ 45 ਵਿਚ ਗਿਆ ਸੀ। ਕਰੀਬ 10:30 ਵਜੇ ਸਵਾਰੀ ਛੱਡ ਕੇ ਵਾਪਸ ਸੈਕਟਰ 32 ਵੱਲ ਜਾ ਰਿਹਾ ਸੀ। ਇਸ ਦੌਰਾਨ ਸੈਕਟਰ 33/45 ਦੀਆਂ ਬੱਤੀਆਂ ਦੇ ਕੋਲ ਪੁੱਜਾ ਤਾਂ ਪਿਛੇ ਤੋਂ ਆ ਰਹੀ ਇਕ ਇੰਡੀਕਾ ਕਾਰ ਨੇ ਟੱਕਰ ਮਾਰ ਦਿਤੀ। ਟੱਕਰ ਲੱਗਣ ਤੋਂ ਬਾਅਦ ਜਿਵੇਂ ਹੀ ਜਗਦੀਪ ਬਾਹਰ ਨਿਕਲ ਕੇ ਵੇਖਣ ਲੱਗਾ ਤਾਂ ਇੰਡੀਕਾ ਸਵਾਰ ਚਾਰ ਲੋਕਾਂ ਨੇ ਬਹਿਸ ਸ਼ੁਰੂ ਕਰ ਦਿਤੀ। ਇਸ ਦੌਰਾਨ ਉਨ੍ਹਾ ਨੇ ਉਸਤੇ ਪਿਸਤੋਲ ਤਾਣ ਦਿਤੀ ਅਤੇ ਜਬਰਦਸਤੀ 

ਉਸਤੋਂ ਇਨੋਵਾ ਕਾਰ, ਮੋਬਾਈਲ ਅਤੇ 3500 ਰੁਪਏ ਨਗਦੀ ਲੈ ਕੇ ਫਰਾਰ ਹੋ ਗਏ। ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸੁਰੂ ਕਰ ਦਿਤੀ। ਪੁਲਿਸ ਨੇ ਮੋਬਾਈਲ ਨੰਬਰ ਨੂੰ ਸਰਵਲੈਂਸ ਤੇ ਲਗਾ ਦਿਤਾ ਹੈ। ਇਸ ਦੌਰਾਨ ਸਾਹਮਣੇ ਆਇਆ ਕਿ ਲੁਟਿਆ ਹੋਇਆ ਮੋਬਾਈਲ ਦੀ ਆਖਰੀ ਲੋਕੇਸ਼ਨ ਖਰੜ ਦੀ ਮਿਲੀ। ਜਗਬੀਰ ਨੇ ਦੱਸਿਆ ਕਿ ਚਾਰੇ ਮੁਲਜ਼ਮ ਜਿਸ ਇੰਡੀਕਾ ਕਾਰ ਵਿਚ ਸਵਾਰ ਸਨ ਉਸ ਤੇ ਨੰਬਰ ਪਲੇਟ ਨਹੀ ਸੀ। ਜਿਸਦੇ ਬਾਅਦ ਲਾਂਡਰਾਂ ਸੜਕ ਦੇ ਨੇੜੇ ਤੋਂ ਬਰਾਮਦ ਕਰ ਲਿਆ। ਪਰ ਹਾਲੇ ਤਕ ਪੁਲਿਸ ਮੁਲਜ਼ਮਾਂ ਨੂੰ ਕਾਬੂ ਨਹੀ ਕਰ ਸਕੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਲਜ਼ਮਾਂ ਦੇ ਸਕੈਚ ਬਣਵਾ ਰਹੀ ਹੈ। ਇਸ ਤੋਂ ਇਲਾਵਾ ਮਾਮਲੇ ਵਿਚ ਮੋਹਾਲੀ ਪੁਲਿਸ ਦੀ ਵੀ ਮਦਦ ਲਈ ਜਾ ਰਹੀ ਹੈ।ਇਸੇ ਤਰ੍ਹਾਂ ਤੀਜੀ ਘਟਨਾ 'ਚ ਬੀਤੀ 11 ਦਸੰਬਰ ਨੂੰ ਸੈਕਟਰ 43 ਬੱਸ ਅੱਡੇ ਤੋਂ ਕੈਂਬਾਲਾ ਜਾਣ ਲਈ ਕਿਸੇ ਨੇ ਓਲਾ ਕੈਬ ਬੁਕ ਕੀਤੀ ਸੀ। ਰਸਤੇ ਵਿਚ ਅਗਲੀ ਸੀਟ ਤੇ ਬੈਠੇ ਵਿਅਕਤੀ ਨੇ ਕੋਈ ਬਹਾਨਾ ਲਗਾ ਕੇ ਗੱਡੀ ਰੁਕਵਾ ਲਈ। ਇਸ ਤੋਂ ਬਾਅਦ ਕੈਂਬਾਲਾ ਜੰਗਲ ਨੇੜੇ ਪਿਸਤੋਲ ਕੱਢ ਕੇ ਪੁਰਣ ਸਿੰਘ ਦੇ ਸਿਰ ਤੇ ਰੱਖ ਦਿਤੀ ਅਤੇ ਇਸਤੋਂ ਬਾਅਦ ਕਾਰ, ਮੋਬਾਈਲ ਅਤੇ 1500 ਰੁਪਏ ਲੈ ਕੇ ਫ਼ਰਾਰ ਹੋ ਗਏ। ਸੈਕਟਰ 3 ਥਾਣੇ ਵਿਚ ਸਬੰਧਤ ਮਾਮਲਾ ਦਰਜ ਕੀਤਾ ਗਿਆ। ਇਸੇ ਤਰ੍ਹਾਂ 8 ਦਸੰਬਰ ਨੂੰ ਬੁੜੈਲ ਨਿਵਾਸੀ ਮੁਹੰਮਦ ਕਲਾਮ ਨੇ ਪੁਲਿਸ ਨੂੰ ਦਸਿਆ ਕਿ ਚਾਰ ਮੁਡਿੰਆਂ ਨੇ ਉਸ ਨੂੰ ਫੋਨ ਕਰ ਕੇ ਜਾਣ ਤੋਂ ਮਾਰਨ ਦੀ ਧਮਕੀ ਦੇ ਕੇ ਸੈਕਟਰ 42 ਝੀਲ ਤੇ ਸੱਦਿਆ ਅਤੇ ਇਸ ਦੇ ਬਾਅਦ ਮੁਲਜ਼ਮਾਂ ਨੇ ਪਿਸਤੌਲ ਦੀ ਨੋਕ 'ਤੇ ਗੱਡੀ ਖੋਹ ਲਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ।