ਹੱਲੋਮਾਜਰਾ 'ਚ ਭਲਕੇ ਮੁੜ ਲੱਗੇਗਾ ਕਾਰ ਬਾਜ਼ਾਰ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 1 ਸਤੰਬਰ (ਸਰਬਜੀਤ ਢਿੱਲੋਂ) : ਘੱਟ ਚਲੀਆਂ ਤੇ ਪੁਰਾਣੀਆਂ ਕਾਰਾਂ ਦਾ ਬਾਜ਼ਾਰ ਜਿਥੇ ਪਿਛਲੇ 20 ਸਾਲਾਂ ਤੋਂ ਐਤਵਾਰ ਨੂੰ ਸੈਕਟਰ-7 ਵਿਚ ਲਗਦਾ ਆ ਰਿਹਾ ਸੀ। ਹੁਣ ਹਾਈ ਕੋਰਟ ਦੇ ਤਾਜ਼ੇ ਫ਼ੈਸਲੇ ਤੋਂ ਬਾਅਦ 3 ਸਤੰਬਰ ਐਤਵਾਰ ਨੂੰ ਨਵੇਂ ਬਣੇ ਕਾਰ ਬਾਜ਼ਾਰ ਹੱਲੋ ਮਾਜਰਾ ਵਿਚ ਹੀ ਸ਼ੁਰੂ ਹੋ ਰਿਹਾ ਹੈ। ਇਥੇ ਐਤਵਾਰ ਨੂੰ 1500 ਦੇ ਕਰੀਬ ਕਾਰਾਂ ਨੂੰ ਕਾਰ ਡੀਲਰਾਂ ਵਲੋਂ ਵੇਚਣ ਲਈ ਵਖਰੇ-ਵਖਰੇ ਸਟਾਲ ਲਾਏ ਜਾਂਦੇ ਹਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ 'ਤੇ ਨਗਰ ਨਿਗਮ ਚੰਡੀਗੜ੍ਹ ਵਲੋਂ ਇਹ ਕਾਰ ਬਾਜ਼ਾਰ ਵੱਡੇ ਸ਼ੋਅਰੂਮ ਮਾਲਕਾਂ ਦੀਆਂ ਸ਼ਿਕਾਇਤਾਂ 'ਤੇ ਪਿੰਡ ਹੱਲੋਮਾਜਰਾ 'ਚ ਲਗਭਗ 3 ਏਕੜ ਜ਼ਮੀਨ ਵਿਚ ਪੱਕੇ ਸ਼ੈੱਡ ਬਣਾ ਕੇ ਕਾਰ ਡੀਲਰਾਂ ਨੂੰ ਕਿਰਾਏ 'ਤੇ ਚੜ੍ਹਾਏ ਜਾਣਗੇ। ਦੱਸਣਯੋਗ ਹੈ ਕਿ ਹਿ ਕਾਰ ਬਾਜ਼ਾਰ ਮੇਅਰ ਅਰੁਣ ਸੂਦ ਦੇ ਕਾਰਜਕਾਲ ਵਿਚ ਸਾਲ 2016 ਦੌਰਾਨ ਸੈਕਟਰ-7 ਤੋਂ ਪਿੰਡ ਹੱਲੋਮਾਜਰਾ ਵਿਖੇ ਤਬਦੀਲ ਕਰ ਦਿਤਾ ਸੀ ਪਰ ਸਹੂਲਤਾਂ ਤੋਂ ਸਖਣੇ ਨਵੇਂ ਥਾਂ 'ਤੇ ਕਾਰ ਡੀਲਰਾਂ ਵਲੋਂ ਅਪਣਾ ਕਾਰੋਬਾਰ ਚਾਲੂ ਨਹੀਂ ਕੀਤਾ ਸੀ। ਉਨ੍ਹਾਂ ਦੇ ਪ੍ਰਧਾਨ ਗੁਲਸ਼ਨ ਕੁਮਾਰ ਨੇ ਹਾਈ ਕੋਰਟ ਵਿਚ ਪਟੀਸ਼ਨ ਪਾ ਕੇ ਕਾਰ ਡੀਲਰਾਂ ਨੂੰ ਕਿੱਧਰੇ ਹੋਰ ਪਾਸੇ ਜਗ੍ਹਾ ਦੇਣ ਦੀ ਮੰਗ ਕੀਤੀ ਸੀ ਪਰ ਚੰਡੀਗੜ੍ਹ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਦਲੀਲ ਦਿਤੀ ਸੀ ਕਿ ਫ਼ਿਲਹਾਲ ਸ਼ਹਿਰ ਵਿਚ ਕੋਈ ਵਾਧੂ ਥਾਂ ਨਹੀਂ ਹੈ। ਇਸ ਮਗਰੋਂ ਹਾਈ ਕੋਰਟ ਦੇ ਬੈਂਚ ਨੇ ਕਾਰ ਡੀਲਰਾਂ ਨੂੰ ਮੁੜ ਹੱਲੋਮਾਜਰਾ 'ਚ ਹੀ ਕਾਰ ਬਾਜ਼ਾਰ ਲਾਉਣ ਦੇ ਹੁਕਮ ਦਿਤੇ ਹਨ।
ਇਸ ਕਾਰੋਬਾਰ ਨਾਲ ਸ਼ਹਿਰ ਦੇ ਰਜਿਸਟਰਡ ਕਾਰ ਡੀਲਰਾਂ ਨਾਲ ਸ਼ਹਿਰ ਦੇ ਰਜਿਸਟਰਡ ਕਾਰ ਡੀਲਰਾਂ ਤੋਂ ਇਲਾਵਾ ਸਬ ਡੀਲਰ ਵੀ ਐਤਵਾਰ ਨੂੰ ਪੁਰਾਣੀਆਂ ਕਾਰਾਂ ਨੂੰ ਵੇਚਣ ਆਉਂਦੇ ਹਨ ਜਿਸ ਨਾਲ 2000 ਦੇ ਕਰੀਬ ਲੋਕ ਇਸ ਰੁਜ਼ਗਾਰ ਨਾਲ ਜੁੜੇ ਹੋਏ ਹਨ।
ਇਸ ਸਬੰਧੀ ਕਾਰ ਬਾਜ਼ਾਰ ਵਿਚ ਇਕ ਵੱਡੇ ਕਾਰੋਬਾਰੀ ਅਤੇ ਰਜਿਸਟਰਡ ਡੀਲਰ ਰਾਜੇਸ਼ ਕੁਮਾਰ ਨੇ ਕਿਹਾ ਕਿ ਨਗਰ ਨਿਗਮ ਨੇ ਸੈਕਟਰ-7 'ਚ ਕਾਰ ਡੀਲਰਾਂ ਨੂੰ ਜਿਹੜੀ ਥਾਂ ਦਿਤੀ ਸੀ, ਉਥੋਂ 3-4 ਕਰੋੜ ਰੁਪਏ ਦੀ ਨੀਲਾਮੀ ਤੋਂ ਆਮਦਨ ਹੁੰਦੀ ਸੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀ ਇਥੇ ਕਾਰ ਡੀਲਰਾਂ ਕੋਲੋਂ ਹਰ ਹਫ਼ਤੇ ਐਤਵਾਰ ਨੂੰ 3000 ਰੁਪਏ ਪ੍ਰਤੀ ਡੀਲਰ ਪਰਚੀ ਕਟਦੇ ਸੀ, ਉਸਤੋਂ 70-80 ਲੱਖ ਰੁਪਏ ਦੀ ਸਾਲਾਨਾ ਕਮਾਈ ਹੁੰਦੀ ਸੀ ਪਰ ਹੁਣ ਪਿਛਲੇ ਇਕ ਸਾਲ ਤੋਂ ਕਾਰਾਂ ਦੇ ਡੀਲਰਾਂ ਦਾ ਧੰਦਾ ਬਿਲਕੁਲ ਬੰਦ ਪਿਆ ਹੈ ਕਿਉਂਕਿ ਡੀਲਰ ਹੱਲੋਮਾਜਰਾ 'ਚ ਮੁਢਲੀਆਂ ਸਹੂਲਤਾਂ ਨਾ ਮਿਲਣ ਕਰ ਕੇ ਉਥੇ ਜਾ ਨਹੀਂ ਰਹੇ ਅਤੇ ਸੈਕਟਰ-7 ਵਿਚ ਨਿਗਮ ਦੇ ਇਨਫ਼ੋਰਸਮੈਂਟ ਦਸਤੇ ਕਾਰਾਂ ਨੂੰ ਜ਼ਬਤ ਕਰ ਲੈਂਦੇ ਹਨ। ਹੁਣ ਤਕ 40-50 ਕਾਰਾਂ ਜ਼ਬਤ ਕੀਤੀਆਂ ਜਾ ਚੁਕੀਆਂ ਹਨ।