ਚੰਡੀਗੜ੍ਹ, 6 ਮਾਰਚ (ਤਰੁਣ ਭਜਨੀ): ਸ਼ਹਿਰ ਨੂੰ ਹਾਰਨ ਮੁਕਤ ਕਰਨ ਦੀ ਦਿਸ਼ਾ ਵਿਚ ਟ੍ਰੈਫ਼ਿਕ ਪੁਲਿਸ ਸਖ਼ਤ ਕਦਮ ਚੁੱਕਣ ਜਾ ਰਹੀ ਹੈ। ਟ੍ਰੈਫ਼ਿਕ ਪੁਲਿਸ ਹਾਰਨ ਦੀ ਆਵਾਜ਼ ਨੂੰ ਚੈੱਕ ਕਰਨ ਲਈ ਮਸ਼ੀਨਾਂ ਖ਼ਰੀਦਣ ਦੀ ਤਿਆਰੀ ਵਿਚ ਹੈ ਜਿਸ ਦੀ ਮਦਦ ਨਾਲ ਜੇ ਹਾਰਨ ਦੀ ਤੈਅਸ਼ਦਾ ਆਵਾਜ਼ ਤੋਂ ਵਧ ਹੋਵੇਗੀ ਤਾਂ ਮਸ਼ੀਨ ਦੱਸ ਦੇਵੇਗੀ। ਸੂਤਰਾਂ ਅਨੁਸਾਰ ਛੇਤੀ ਹੀ ਇਨ੍ਹਾਂ ਮਸ਼ੀਨਾਂ ਨੂੰ ਖ਼ਰੀਦਣ ਦੀ ਕਵਾਇਦ ਸ਼ੁਰੂ ਕਰ ਦਿਤੀ ਜਾਵੇਗੀ। ਦਸਿਆ ਜਾ ਰਿਹਾ ਹੈ ਕਿ ਸ਼ੁਰੂਆਤ ਵਿਚ ਪੁਲਿਸ 10 ਮਸ਼ੀਨਾਂ ਖ਼ਰੀਦਣ ਦੀ ਯੋਜਨਾ ਹੈ। ਇਕ ਮਸ਼ੀਨ ਦੀ ਕੀਮਤ ਲਗਭਗ 2-3 ਲੱਖ ਰੁਪਏ ਦੱਸੀ ਜਾ ਰਹੀ ਹੈ। ਟ੍ਰੈਫ਼ਿਕ ਪੁਲਿਸ ਸਬ ਇੰਸਪੈਕਟਰ ਸ਼ਰਣਜੀਤ ਸਿੰਘ ਨੇ ਦਸਿਆ ਕਿ ਇਹ ਵੇਖਿਆ ਗਿਆ ਹੈ ਕਿ ਲੋਕ ਹਾਰਨ ਦੀ ਬੇਵਜ੍ਹਾ ਵਰਤੋਂ ਕਰਦੇ ਹਨ ਜਿਸ ਨਾਲ ਆਵਾਜ਼ ਪ੍ਰਦੂਸ਼ਣ ਤਾਂ ਹੁੰਦਾ ਹੀ ਹੈ, ਇਸ ਦੇ ਨਾਲ ਵਿਅਕਤੀ ਦੀ ਮਾਨਸਕ ਸਥਿਤੀ ਵੀ ਵਿਗੜ ਜਾਂਦੀ ਹੈ। ਸਬ ਇੰਸਪੈਕਟਰ ਸ਼ਰਣਜੀਤ ਸਿੰਘ ਇਸ ਸਮੇਂ ਚੰਡੀਗੜ੍ਹ ਟ੍ਰੈਫ਼ਿਕ ਪੁਲਿਸ ਦਾ ਫੇਸਬੁਕ ਪੇਜ਼ ਵੀ ਹੈਂਡਲ ਕਰ ਰਹੇ ਹਨ ਅਤੇ ਨੋ ਹਾਰਨ ਦੀ ਮੁਹਿੰਮ ਨੂੰ ਅੱਗੇ ਵਧਾਉਣ ਵਿਚ ਕਾਫ਼ੀ ਉਪਰਾਲੇ ਕਰ ਰਹੇ ਹਨ।ਫਿਲਹਾਲ ਪੁਲਿਸ ਲੋਕਾਂ ਨੂੰ ਹਰਨ ਨਾ ਵਜਾਉਣ ਦੇ ਪ੍ਰਤੀ ਜਾਗਰੂਕ ਕਰ ਰਹੀ ਹੈ ਅਤੇ ਇਸ ਦੇ ਲਈ ਬਕਾਇਦਾ ਸੜਕਾਂ 'ਤੇ ਕਾਰ ਚਾਲਕਾਂ ਨੂੰ ਸਟਿਕਰ ਵੰਡੇ ਜਾ ਰਹੇ ਹਨ ਜੋ ਕਾਰ ਦੇ ਸਟੇਰਿੰਗ 'ਤੇ ਲਗਾਏ ਜਾ ਰਹੇ ਹਨ। ਸਟਿਕਰ ਪੰਜਾਬੀ, ਹਿੰਦੀ ਅਤੇ ਅੰਗ੍ਰੇਜ਼ੀ ਵਿਚ ਬਣਵਾਏ ਗਏ ਹਨ ਜਿਸ 'ਤੇ 'ਮੈਂ ਹੋਰਨ ਨਹੀਂ ਵਜਾਊਂਗਾ' ਲਿਖਿਆ ਗਿਆ ਹੈ। ਸਟੇਰਿੰਗ 'ਤੇ ਸਟਿਕਰ ਲਗਾਉਣ ਦਾ ਕਾਰਨ ਇਹ ਹੈ ਕਿ ਜਦ ਵੀ ਚਾਲਕ ਬਿਨਾਂ ਮਤਲਬ ਹਾਰਨ ਵਜਾਉਣ ਦੀ ਕੋਸ਼ਿਸ਼ ਕਰੇਗਾ ਤਾਂ ਸਟਿਕਰ ਵੇਖ ਕੇ ਰੁਕ ਜਾਵੇਗਾ। ਚੰਡੀਗੜ੍ਹ ਨੂੰ ਹਾਰਨ ਫ਼੍ਰੀ ਸਿਟੀ ਬਣਾਉਣ ਲਈ ਚੰਡੀਗੜ੍ਹ•ਟ੍ਰੈਫ਼ਿਕ ਪੁਲਿਸ ਦਾ ਇਹ ਚੰਗਾ ਉਪਰਾਲਾ ਹੈ।