ਚੰਡੀਗੜ੍ਹ,
20 ਸਤੰਬਰ (ਸਰਬਜੀਤ ਸਿੰਘ): ਯੂ.ਟੀ. ਪ੍ਰਸ਼ਾਸਨ ਦੇ ਕਰ ਅਤੇ ਆਬਕਾਰੀ ਵਿਭਾਗ ਦੇ ਸੀਨੀਅਰ
ਅਧਿਕਾਰੀਆਂ ਦੀ ਲਾਪ੍ਰਵਾਹੀ ਨਾ ਚੰਡੀਗੜ੍ਹ ਸ਼ਹਿਰ ਵਿਚ ਬਣੀ ਹੋਈ ਸ਼ਰਾਬ ਦੀ ਗੁਆਂਢੀ
ਪ੍ਰਦੇਸ਼ਾਂ ਹਰਿਆਣਾ ਅਤੇ ਪੰਜਾਬ ਵਲ ਬਿਨਾਂ ਪ੍ਰਮਿੱਟ ਤਸਕਰੀ ਨੂੰ ਰੋਕਣ ਲਈ ਡਿਪਟੀ
ਕਮਿਸ਼ਨਰ ਚੰਡੀਗੜ੍ਹ ਅਜੀਤ ਬਾਲਾਜੀ ਜੋਸ਼ੀ ਨੇ ਗੰਪੀਰ ਨੋਟਿਸ ਲੈਂਦਿਆਂ ਉਦਯੋਗਿਕ ਖੇਤਰ
ਫ਼ੇਜ਼-1 ਵਿਚ ਸਥਿਤ ਸ਼ਰਾਬ ਬਣਾਉਣ ਵਾਲੀਆਂ ਦੋਵੇਂ ਕੰਪਨੀਆਂ ਦੇ ਮਾਲਕਾਂ ਨੂੰ ਨੋਟਿਸ ਜਾਰੀ
ਕਰ ਕੇ 15 ਦਿਨਾਂ 'ਚ ਜਵਾਬ ਦੇਣ ਲਈ ਹੁਕਮ ਦਿਤੇ ਹਨ। ਕਰ ਅਤੇ ਆਬਕਾਰੀ ਵਿਭਾਗ ਨੂੰ
ਚੰਡੀਗੜ੍ਹ 'ਚ ਸਥਿਤ ਠੇਕਿਆਂ ਨੂੰ ਸ਼ਰਾਬ ਦੀ ਸਪਲਾਈ ਕਰਨ ਵਾਲੀਆਂ ਦੋ ਕੰਪਨੀਆਂ
ਕੋਆਪਰੇਟਿਵ ਅਤੇ ਰਾਕ ਐਂਡ ਸਟਾਰਮ ਡਿਸ਼ਟਲਰੀ ਵਲੋਂ ਚੰਡੀਗੜ੍ਹ ਪ੍ਰਸ਼ਾਸਨ ਦੇ ਲੇਬਲ ਲੱਗੀ
ਸ਼ਰਾਬ ਦੇ 3 ਟਰੱਕ ਸੋਨੀਪਤ ਲਾਗੇ ਮੂਰਥਲ 'ਚ ਹਰਿਆਣਾ ਪੁਲਿਸ ਨੇ ਕਾਬੂ ਕੀਤੇ ਸਨ।
ਹਰਿਆਣਾ
ਪੁਲਿਸ ਵਲੋਂ ਚੰਡੀਗੜ੍ਹ ਸ਼ਹਿਰ ਤੋਂ ਨਾਜਾਇਜ਼ ਢੰਗ ਨਾਲ ਅਤੇ ਬਿਨਾਂ ਪ੍ਰਮਿਟ ਲਿਆਂ ਸ਼ਰਾਬ
ਸਪਲਾਈ ਕਰਨ ਮਾਮਲੇ ਵਿਚ ਟਰੱਕਾਂ ਦੇ ਮਾਲਕਾਂ ਵਿਰੁਧ ਕੇਸ ਵੀ ਦਰਜ ਕੀਤੇ ਹਨ, ਜਿਸ ਵਿਚ
ਚੰਡੀਗੜ੍ਹ ਪ੍ਰਸ਼ਾਸਨ ਦੇ ਕਰ ਅਤੇ ਆਬਕਾਰੀ ਵਿਭਾਗ ਦੇ ਹੀ ਸੀਨੀਅਰ ਅਧਿਕਾਰੀਆਂ ਦੇ ਸਿੱਧੇ
ਤੌਰ 'ਤੇ ਸ਼ਾਮਲ ਹੋਣ ਦੇ ਕਈ ਹਫ਼ਤੇ ਪਹਿਲਾਂ ਵੀ ਦੋਸ਼ ਲੱਗੇ ਸਨ।
ਸੂਤਰਾਂ ਅਨੁਸਾਰ
ਚੰਡੀਗੜ੍ਹ ਪ੍ਰਸ਼ਾਸਨ ਦੇ ਨਿਯਮਾਂ ਅਨੁਸਾਰ ਤੇ ਕੰਪਨੀਆਂ ਨਾਲ ਕੀਤੇ ਸਮਝੌਤੇ ਤਹਿਤ ਲੇਬਲ
ਲੱਗੀ ਸ਼ਰਾਬ ਦੂਜੇ ਸੂਬਿਆਂ ਵਿਚ ਵੇਚੀ ਨਹੀਂ ਜਾ ਸਕਦੀ। ਇਹ ਕੋਟਾ ਸਿਰਫ਼ ਚੰਡੀਗੜ੍ਹ ਦੀ
ਹੱਦ ਅੰਦਰ ਹੀ ਵਿਕ ਸਕੇਗਾ।
ਡਿਪਟੀ ਕਮਿਸ਼ਨਰ ਚੰਡੀਗੜ੍ਹ ਅਧੀਨ ਕਰ ਤੇ ਆਬਕਾਰੀ ਵਿਭਾਗ
ਦਾ ਜਿੰਮਾ ਹੋਦ ਸਦਕਾ ਕੰਪਨੀਆਂ ਦੇ ਮਾਲਕਾਂ ਨੇ ਅਕਸਾਈਜ਼ ਵਿਭਾਗ ਚੰਡੀਗੜ੍ਹ ਦੇ ਇਕ
ਸੀਨੀਅਰ ਡੀ.ਟੀ.ਓ. ਕੋਲ ਮਾਮਲਾ ਰਫ਼ਾ-ਦਫ਼ਾ ਕਰਨ ਲਈ ਜ਼ੋਰ ਵੀ ਦਿਤਾ ਪਰ ਡੀ.ਸੀ. ਦੇ ਸਖ਼ਤ
ਰੁਖ਼ ਅਖਤਿਆਰ ਕਰ ਲੈਣ ਬਾਅਦ ਅਫ਼ਸਰਾਂ ਨੇ ਵੀ ਚੁੱਪ ਵੱਟ ਲੈਣਾ ਹੀ ਠੀਕ ਸਮਝ ਲਿਆ ਹੈ
ਕਿਉਂਕਿ ਵਿਭਾਗ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਬਗੈਰ ਕੰਪਨੀਆਂ ਬਾਹਰ ਸ਼ਰਾਬ ਸਪਲਾਈ ਨਹੀਂ
ਕਰ ਸਕਦੀਆਂ।
ਦੱਸਣਯੋਗ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਾਇਕ ਅਕਸਾਈਜ਼ ਤੇ
ਟੈਕਸੇਸ਼ਨ ਕਮਿਸ਼ਨਰ ਰਵਿੰਦਰ ਕੌਸ਼ਿਕ ਜੋ ਚੰਡੀਗੜ੍ਹ 'ਚ ਹਰਿਆਣਾ ਸਰਕਾਰ ਤੋਂ ਡੈਪੂਟੇਸ਼ਨ ਤੋਂ
ਆਏ ਹੋਏ ਸਨ, 31 ਜੁਲਾਈ ਨੂੰ 3 ਸਾਲ ਦਾ ਸਮਾਂ ਪੂਰਾ ਕਰਨ ਬਾਅਦ ਵਾਪਸ ਚਲੇ ਗਏ ਹਨ ਅਤੇ
ਉਹ ਪਹਿਲਾਂ ਹੀ ਭ੍ਰਿਸ਼ਟਾਚਾਰ ਦੇ ਦੋਸ਼ 'ਚ ਉਲਝੇ ਹੋਏ ਹਨ। ਦੂਜਾ ਉਨ੍ਹਾਂ ਦੀ ਥਾਂ 'ਤੇ
ਹੇਠਲੇ ਅਧਿਕਾਰੀਆਂ ਕੋਲ ਆਰਜ਼ੀ ਚਾਰਜ ਹੀ ਚੱਲ ਰਿਹਾ ਹੈ ਇਸ ਲਈ ਹੇਠਲੇ ਪੱਧਰ ਦੇ
ਡੀ.ਟੀ.ਓਜ਼. ਅਤੇ ਅਕਸਾਈਜ ਇੰਸਪੈਕਟਰਾਂ ਦੀ ਗੁਟਬੰਦੀ ਤੇ ਮਿਲੀਭੁਗਤ ਬਗੈਰ ਇਹ ਸ਼ਰਾਬ ਦੀ
ਗ਼ੈਰਕਾਨੂੰਨੀ ਵਿਕਰੀ ਦਾ ਗੋਰਖ ਧੰਦਾ ਨਹੀਂ ਚਲ ਸਕਦਾ। ਚੰਡੀਗੜ੍ਹ ਪ੍ਰਸ਼ਾਸਨ ਐਤਕੀਂ ਸਿਰਫ਼
70 ਠੇਕੇ ਹੀ ਨੀਲਾਮ ਕਰ ਸਕਿਆ ਹੈ ਜਦਕਿ ਪਹਿਲਾਂ 200 ਦੇ ਕਰੀਬ ਠੇਕਿਆਂ ਦੀ ਸ਼ਹਿਰ 'ਚ
ਨੀਲਾਮੀ ਹੁੰਦੀ ਸੀ ਜਿਸ ਨਾਲ ਵਿਭਾਗ ਚੰਗੀ ਕਮਾਈ ਕਰਦਾ ਸੀ ਪਰ ਹੁਣ ਘਾਟੇ 'ਚ ਚਲ ਰਿਹਾ
ਹੈ।