ਚੰਡੀਗੜ੍ਹ, 5 ਅਕਤੂਬਰ (ਨੀਲ ਭਲਿੰਦਰ ਸਿੰਘ): ਹਨੀਪ੍ਰੀਤ ਅਦਾਲਤ ਵਲੋਂ ਮਨਜ਼ੂਰ ਪੁਲੀਸ ਰੀਮਾਂਡ ਦੌਰਾਨ ਜਾਂਚ ਵਿਚ ਸਹਿਯੋਗ ਨਹੀਂ ਦੇ ਰਹੀ। ਪੰਚਕੂਲਾ ਦੇ ਪੁਲਿਸ ਕਮਿਸ਼ਨਰ ਨੇ ਖ਼ੁਦ ਮੀਡੀਆ ਨੂੰ ਮੁਖਾਤਬ ਹੁੰਦੇ ਹੋਏ ਇਹ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਹੈ ਕਿ ਜੇਕਰ ਹਨੀਪ੍ਰੀਤ ਦਾ ਇਹੋ ਰਵਈਆ ਰਿਹਾ ਤਾਂ ਪੁਲਿਸ ਅਦਾਲਤ ਕੋਲੋਂ ਉਸ ਦੇ ਹੋਰ ਰੀਮਾਂਡ ਦੀ ਮੰਗ ਕਰੇਗੀ। ਦੂਜੇ ਪਾਸੇ ਸੂਤਰਾਂ ਮੁਤਾਬਕ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਪੁਲਿਸ ਅਦਾਲਤ ਕੋਲੋਂ ਹਨੀਪ੍ਰੀਤ ਦਾ ਨਾਰਕੋਟਿਕ ਟੈਸਟ (ਡਰੱਗ ਟੈਸਟ) ਕਰਵਾਏ ਜਾਣ ਦੀ ਪ੍ਰਵਾਨਗੀ ਮੰਗਣ ਜਾ ਰਹੀ ਹੈ। ਦਸਣਯੋਗ ਹੈ ਕਿ ਰਾਮ ਰਹੀਮ ਬਾਰੇ ਪਹਿਲਾਂ ਹੀ ਚਰਚਾ ਸਰਗਰਮ ਹੈ ਕਿ ਉਹ ਕੋਕੀਨ ਜਿਹੇ ਨਸ਼ੇ ਤੋਂ ਇਲਾਵਾ ਕਾਮ ਸ਼ਕਤੀ ਵਧਾਉ ਵਿਦੇਸ਼ੀ ਦਵਾਈਆਂ, ਟੀਕਿਆਂ ਅਤੇ ਨਸ਼ਿਆਂ ਦਾ ਸੇਵਣ ਕਰਨ ਦਾ ਆਦੀ ਰਿਹਾ ਹੈ।
ਹਨੀਪ੍ਰੀਤ ਰਾਮ ਰਹੀਮ ਨਾਲ ਹਰ ਵੇਲੇ ਸਾਏ ਦੀ ਤਰ੍ਹਾਂ ਵਿਚਰਦੀ ਹੋਣ ਕਰ ਕੇ ਹਨੀਪ੍ਰੀਤ ਨੂੰ ਵੀ ਇਸ ਸਬੰਧੀ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ। ਦੂਜੇ ਪਾਸੇ ਹੁਣ ਤਕ ਦੀ ਜਾਂਚ ਦੌਰਾਨ ਕਾਫੀ ਹੱਦ ਤਕ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਫ਼ਰਾਰੀ ਦੌਰਾਨ ਹਨੀਪ੍ਰੀਤ ਪੰਜਾਬ ਵਿਚ ਵੀ ਕਈ ਟਿਕਾਣਿਆਂ ਉਤੇ ਲੁਕੀ ਰਹੀ। ਇਸ ਦੀ ਨਿਸ਼ਾਨਦੇਹੀ ਹਿਤ ਅੱਜ ਹਰਿਆਣਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਹਨੀਪ੍ਰੀਤ ਅਤੇ ਸੁਖਦੀਪ ਕੌਰ ਨੂੰ ਲੈ ਕੇ ਬਠਿੰਡਾ ਪਹੁੰਚੀ। ਐਸਆਈਟੀ ਦੀ ਅਗਵਾਈ ਪੰਚਕੂਲਾ ਪੁਲਿਸ ਦੇ ਡੀਐਸਪੀ ਮੁਕੇਸ਼ ਕੁਮਾਰ ਕਰ ਰਹੇ ਸਨ। ਮੌਕੇ ਉੱਤੇ ਜ਼ਿਲ੍ਹਾ ਮਜਿਸਟਰੇਟ ਸੁਖਬੀਰ ਸਿੰਘ ਬਰਾੜ ਦੀ ਡਿਊਟੀ ਵੀ ਲਾਈ ਗਈ ਸੀ। ਸੱਭ ਤੋਂ ਪਹਿਲਾਂ ਟੀਮ ਦੋਵਾਂ ਔਰਤਾਂ ਨੂੰ ਸਦਰ ਥਾਣਾ ਰਾਮਪੁਰਾ ਲੈ ਗਈ ਜਿਥੇ ਕਰੀਬ ਡੇਢ ਘੰਟੇ ਤਕ ਰੁਕੀ। ਸੁਖਦੀਪ ਕੌਰ ਦੀ ਨਿਸ਼ਾਨਦੇਹੀ ਉੱਤੇ ਟੀਮ ਸ਼ਹਿਰ ਦੇ ਆਰੀਆ ਨਗਰ ਸਥਿਤ ਉਸ ਮਕਾਨ ਵਿਚ ਗਈ ਜਿਥੇ ਹਨੀਪ੍ਰੀਤ ਸੁਖਦੀਪ ਦੇ ਨਾਲ ਕਾਫ਼ੀ ਦਿਨਾਂ ਤਕ ਰੁਕੀ ਸੀ।
ਇਹ ਵੀ ਪਤਾ ਲੱਗ ਰਿਹਾ ਹੈ ਕਿ ਹਨੀਪ੍ਰੀਤ ਫ਼ਰਾਰੀ ਦੇ ਦਿਨਾਂ ਦੌਰਾਨ 25 ਦਿਨਾਂ ਤਕ ਉਕਤ ਮਕਾਨ ਵਿਚ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਐਸਆਈਟੀ ਨੇ ਉਕਤ ਮਕਾਨ 'ਚੋਂ ਤਿੰਨ ਮੋਬਾਈਲ ਸਿਮ ਵੀ ਬਰਾਮਦ ਕੀਤੇ ਹਨ। ਮੰਨਿਆ ਜਾ ਰਿਹਾ ਹੈ ਕਿ ਹਨੀਪ੍ਰੀਤ ਨੇ ਇਨ੍ਹਾਂ ਰਾਹੀਂ ਹੀ ਵਿਦੇਸ਼ਾਂ ਵਿਚ ਕਾਲ ਕੀਤੀ ਸੀ। ਇਸ ਦੀ ਡਿਟੇਲ ਪਹਿਲਾਂ ਹੀ ਐਸਆਈਟੀ ਵਲੋਂ ਹਾਸਲ ਕਰ ਲਈ ਦਸੀ ਜਾ ਰਹੀ ਹੈ। ਇਹ ਵੀ ਜਾਣਕਾਰੀ ਹਾਸਲ ਹੋਈ ਹੈ ਕਿ ਆਰੀਆ ਨਗਰ ਸਥਿਤ ਉਕਤ ਮਕਾਨ ਸੁਖਦੀਪ ਕੌਰ ਦੇ ਕਰੀਬੀ ਰਿਸ਼ਤੇਦਾਰ ਫ਼ਾਰਮਾਸਿਸਟ ਨੈਬ ਸਿੰਘ ਦਾ ਹੈ ਜੋ ਉਹ ਕੇਂਦਰੀ ਜੇਲ ਬਠਿੰਡਾ ਵਿਚ ਤੈਨਾਤ ਹੈ। ਇਹ ਵੀ ਪਤਾ ਲੱਗਾ ਹੈ ਕਿ ਉਕਤ ਮਕਾਨ ਨੂੰ ਡੇਰੇ ਦੇ ਨਾਮ ਕਰਵਾ ਦਿਤਾ ਗਿਆ ਸੀ। ਦਸਿਆ ਜਾ ਰਿਹਾ ਹੈ ਕਿ ਇਹ ਮਕਾਨ ਹਨੀਪ੍ਰੀਤ ਦੇ ਆਉਣ ਤੋਂ ਪਹਿਲਾਂ ²ਖ਼ਸਤਾ ਹੋ ਚੁੱਕਾ ਸੀ ਪਰ ਜਿਵੇਂ ਹੀ ਹਨੀਪ੍ਰੀਤ ਨੂੰ ਇਥੇ ਛੁਪਾਉਣ ਦਾ ਬੰਦੋਬਸਤ ਕੀਤਾ ਜਾਣ ਲੱਗਾ ਤਾਂ ਇਸ ਮਕਾਨ ਹਾਲਤ ਕਾਫੀ ਸੁਧਾਰ ਦਿਤੀ ਗਈ।