ਚੰਡੀਗੜ੍ਹ, 15 ਸਤੰਬਰ (ਸਰਬਜੀਤ ਢਿੱਲੋਂ) :
ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਅੱਜ
ਚੰਡੀਗੜ੍ਹ ਵਿਖੇ 'ਸਵੱਛਤਾ ਹੀ ਸੇਵਾ ਹੈ' ਮੁਹਿੰਮ ਦੀ ਸ਼ੁਰੂਆਤ ਸੈਕਟਰ-19 ਤੋਂ ਕੀਤੀ। ਇਹ
ਮੁਹਿੰਮ 15 ਦਿਨ ਭਾਵ 2 ਅਕਤੂਬਰ ਤਕ ਜਾਰੀ ਰਹੇਗੀ। ਇਸ ਦੌਰਾਨ ਹਰ ਸੈਕਟਰ ਵਿਚ ਸਫ਼ਾਈ ਦਾ
ਜ਼ੋਰ-ਸ਼ੋਰ ਨਾਲ ਪ੍ਰਬੰਧ ਕੀਤਾ ਜਾਵੇਗਾ ਅਤੇ ਇਸ ਮੁਹਿੰਮ ਵਿਚ ਲੋਕਾਂ ਨੂੰ ਵੀ ਸ਼ਾਮਲ ਕੀਤਾ
ਜਾਵੇਗਾ। ਮੁਹਿੰਮ ਦਾ ਉਦਘਾਟਨ ਕਰਦੇ ਹੋਏ ਪ੍ਰਸ਼ਾਸਕ ਬਦਨੌਰ ਨੇ ਕਿਹਾ ਕਿ ਸਫ਼ਾਈ ਤਾਂ ਹੀ
ਰਹਿ ਸਕਦੀ ਹੈ ਜੇ ਇਸ ਨੂੰ ਲੋਕ ਲਹਿਰ ਬਣਾਇਆ ਜਾਵੇ।
ਇਸ ਮੌਕੇ ਚੰਡੀਗੜ੍ਹ ਦੀ ਮੇਅਰ
ਆਸ਼ਾ ਜੈਸਵਾਲ ਨੇ ਕਿਹਾ ਕਿ ਇਸ ਮੁਹਿੰਮ ਵਿਚ ਸਕੂਲਾਂ, ਕਾਲਜਾਂ, ਕਲੱਬਾਂ ਅਤੇ ਹੋਰ
ਅਦਾਰਿਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਸਫ਼ਾਈ ਦੀ ਮਹੱਤਤਾ ਬਾਰੇ ਜਾਗਰੂਕ
ਕੀਤਾ ਜਾਵੇਗਾ। ਸਫ਼ਾਈ ਮੁਹਿੰਮ ਭਾਗ ਲੈਣ ਵਾਲਿਆਂ ਨੇ ਸੜਕਾਂ 'ਤੇ ਖ਼ੁਦ ਝਾੜੂ ਮਾਰ ਕੇ
ਮੁਹਿੰਮ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਤੋਂ
ਇਲਾਵਾ ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਅਫ਼ਸਰ ਵੀ ਹਾਜ਼ਰ ਸਨ। ਚੰਡੀਗੜ੍ਹ ਪ੍ਰਸ਼ਾਸਨ ਵਲੋਂ
ਸ਼ਹਿਰ ਦੀ ਬਰਾਂਡ ਅੰਬੈਸਡਰ ਨਿਯੁਕਤ ਕੀਤੀ ਸਵੀਤਾ ਭੱਟੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ
ਕਿ ਉਹ ਚੰਡੀਗੜ੍ਹ ਨੂੰ ਸਾਫ਼-ਸੁਥਰਾ ਰੱਖਣ ਲਈ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ ਅਤੇ
ਆਪੋ-ਅਪਣੇ ਇਲਾਕਿਆਂ ਵਿਚ ਸਫ਼ਾਈ ਮੁਹਿੰਮ ਨੂੰ ਜ਼ੋਰ-ਸ਼ੋਰ ਨਾਲ ਚਲਾਉਣ। ਇਹ ਸਫ਼ਾਈ ਮੁਹਿੰਮ
ਚਲਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਨਾ ਸਾਕਾਰ ਕੀਤਾ ਜਾ ਰਿਹਾ ਹੈ। ਆਗੂਆਂ ਨੇ
ਕਿਹਾ ਇਸ ਸਫ਼ਾਈ ਮੁਹਿੰਮ ਨਾਲ ਚੰਡੀਗੜ੍ਹ ਸ਼ਹਿਰ ਹੋਰ ਸੋਹਣਾ ਬਣ ਜਾਵੇਗਾ।