ਹੁਣ ਘਰ ਬੈਠੇ ਹੀ ਪਾਰਕਿੰਗ ਲਈ ਥਾਂ ਬੁਕ ਕਰਵਾਉ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 5 ਦਸੰਬਰ (ਸਰਬਜੀਤ ਢਿੱਲੋਂ): ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਵਲੋਂ ਤਿਆਰ ਕੀਤੀਆਂ ਜਾ ਰਹੀਆਂ 26 ਸਮਾਰਟ ਪੇਡ ਪਾਰਕਿੰਗਾਂ ਵਿਚ ਮੋਟਰ ਵਾਹਨ ਪਾਰਕ ਕਰਨ ਵਾਲੇ ਗਾਹਕਾਂ ਦੀ ਮਦਦ ਲਈ ਮੋਬਾਈਲ ਐਪ ਯੂ.ਟੀ. ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਰਾਜ ਭਵਨ ਵਿਚ ਜਾਰੀ ਕੀਤਾ। ਇਸ ਮੋਬਾਈਲ ਐਪ ਨਾਲ ਪੇਡ ਪਾਰਕਿੰਗਾਂ ਵਿਚ ਖ਼ਾਲੀ ਪਈਆਂ ਥਾਵਾਂ ਦਾ ਮੋਟਰ ਵਾਹਨ ਮਾਲਕਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਵੇਗਾ। ਇਹ ਮੋਬਾਈਲ ਐਪ ਗਾਹਕਾਂ ਨੂੰ ਅਪਣੇ ਸਮਾਰਟ ਮੋਬਾਈਲ ਫ਼ੋਨਾਂ 'ਤੇ ਡਾਊਨਲੋਡ ਕਰਨਾ ਪਵੇਗਾ। ਇਸ ਮੌਕੇ ਸਾਬਕਾ ਮੇਅਰ ਅਰੁਣ ਸੂਦ, ਸੀਨੀਅਰ ਡਿਪਟੀ ਮੇਅਰ ਰਾਜੇਸ਼ ਗੁਪਤਾ, ਗ੍ਰਹਿ ਸਕੱਤਰ ਅਨੁਰਾਗ ਅਗਰਵਾਲ ਤੇ ਪ੍ਰਸ਼ਾਸਕ ਦੇ ਸਲਾਹਕਾਰ ਪ੍ਰੀਮਲ ਰਾਏ ਵੀ ਮੌਜੂਦ ਸਨ। ਨਗਰ ਨਿਗਮ ਦੇ ਸੂਤਰਾਂ ਅਨੁਸਾਰ ਜਿਸ ਕੰਪਨੀ ਨੂੰ ਸ਼ਹਿਰ ਦੀਆਂ ਪੇਡ ਪਾਰਕਿੰਗਾਂ ਦਾ ਠੇਕਾ ਦਿਤਾ ਗਿਆ ਹੈ, ਉਨ੍ਹਾਂ ਵਲੋਂ ਨਗਰ ਨਿਗਮ ਦੇ ਦਫ਼ਤਰਾਂ ਵਿਚ ਕੰਟਰੋਲ ਰੂਪ ਵੀ ਸਥਾਪਤ ਕੀਤਾ ਗਿਆ ਹੈ, ਜਿਥੇ ਬੈਠ ਕੇ ਨਿਗਮ ਦੇ ਪਾਰਕਿੰਗਾਂ ਦਾ ਉਹ ਆਨਲਾਈਨ ਹੀ ਮਨਿਟਰਿੰਗ ਕਰ ਸਕਣਗੇ। ਨਗਰ ਨਿਗਮ ਦੇ ਇਕ ਅਧਿਕਾਰੀ ਅਨੁਸਾਰ ਇਨ੍ਹਾਂ ਪਾਰਕਿੰਗਾਂ ਵਿਚ ਗ਼ਲਤ ਵਾਹਨ ਖੜੇ ਹੋਦ ਜਾਂ ਜ਼ਰੂਰਤ ਤੋਂ ਜ਼ਿਆਦਾ ਵਾਹਨ ਪਾਰਕ ਕੀਤੇ ਹੋਣ 'ਤੇ ਇਨਫ਼ੋਰਸਮੈਂਟ ਦਸਤੇ ਕੰਪਨੀ ਨੂੰ ਜੁਰਮਾਨਾ ਵੀ ਕਰੇਗੀ। ਇਸ ਕੰਪਨੀ ਨੂੰ ਨਗਰ ਨਿਗਮ ਦੇ ਐਡੀਸ਼ਨਲ ਕਮਿਸ਼ਨਰ ਅਨਿਲ ਕੁਮਾਰ ਵੇਖ ਰਹੇ ਹਨ।