ਹੁਣ ਸਿਟੀ ਬਿਊਟੀਫੁੱਲ ਦੇ ਲੋਕੀਂ ਵੀ ਚਖ ਸਕਣਗੇ 'ਕੁਦਰਤੀ ਖੇਤੀ' ਨਾਲ ਤਿਆਰ ਹੋਈਆਂ ਸਬਜ਼ੀਆਂ ਦਾ ਸੁਆਦ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ: ਚੰਡੀਗੜ੍ਹ ਦੇ ਲੋਕ ਹੁਣ ਕੁਦਰਤੀ ਖੇਤੀ ਨਾਲ ਤਿਆਰ ਕੀਤੀਆਂ ਸਬਜ਼ੀਆਂ, ਫਲ ਅਤੇ ਦਾਲਾਂ ਦਾ ਸੁਆਦ ਚਖ ਸਕਣਗੇ। ਸ਼ਹਿਰ 'ਚ ਪਹਿਲੀ ਕੁਦਰਤੀ ਫਲ ਅਤੇ ਸਬਜ਼ੀ ਮੰਡੀ ਸੈਕਟਰ-26 'ਚ ਸ਼ੁਰੂ ਹੋ ਰਹੀ ਹੈ। ਹਰ ਸੋਮਵਾਰ ਨੂੰ ਸੈਕਟਰ-26 ਦੀ ਅਨਾਜ ਮੰਡੀ 'ਚ ਕੁਦਰਤੀ ਸਬਜ਼ੀ ਮੰਡੀ ਲੱਗਿਆ ਕਰੇਗੀ। 

ਦੱਸ ਦਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬੀਤੇ ਐਤਵਾਰ ਸੈਕਟਰ-17 'ਚ ਕੁਦਰਤੀ ਸਬਜ਼ੀ ਮੰਡੀ ਲਾਈ ਗਈ ਸੀ। ਪ੍ਰਸ਼ਾਸਨ ਨੇ ਮਾਰਕਿਟ ਕਮੇਟੀ ਦੇ ਸਹਿਯੋਗ ਨਾਲ ਇਹ ਮੰਡੀ ਲਾਈ। ਮੰਡੀ 'ਚ ਕੁੱਲ 27 ਸਟਾਲ ਲਾਏ ਗਏ ਸਨ, ਜਿਨ੍ਹਾਂ 'ਚ ਬਿਨਾਂ ਖਾਦਾਂ ਤੋਂ ਤਿਆਰ ਕੀਤੇ ਫਲ ਅਤੇ ਸਬਜ਼ੀਆਂ ਨੂੰ ਰੱਖਿਆ ਗਿਆ। 

ਸੈਕਟਰ-17 'ਚ ਲੱਗੀ ਮੰਡੀ 'ਚ ਸ਼ਾਮਲ ਹੋਣ ਵਾਸਤੇ ਪੰਜਾਬ, ਹਰਿਆਣਾ ਅਤੇ ਹਿਮਾਚਲ ਤੋਂ ਕਿਸਾਨ ਆਏ ਸਨ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਇਸ ਮੰਡੀ ਦਾ ਉਦਘਾਟਨ ਕੀਤਾ। ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਵੀ ਇਸ ਮੌਕੇ ਮੌਜੂਦ ਸੀ। ਮੰਡੀ 'ਚ ਕੁਦਰਤੀ ਖੇਤੀ ਜ਼ਰੀਏ ਤਿਆਰ ਸਬਜ਼ੀਆਂ, ਫਲਾਂ ਤੋਂ ਲੈ ਕੇ ਦਾਲਾਂ ਤੱਕ ਨੂੰ ਵਿਕਰੀ ਵਾਸਤੇ ਰੱਖਿਆ ਗਿਆ ਸੀ। 

ਇਸ ਮੌਕੇ ਪ੍ਰਸ਼ਾਸਨ ਵੀ. ਪੀ. ਸਿੰਘ ਬਦਨੌਰ ਨੇ ਕਿਹਾ ਕਿ ਪੰਜਾਬ 'ਚ ਕਈ ਲੋਕ ਕੁਦਰਤੀ ਖੇਤੀ ਵੱਲ ਵਧ ਰਹੇ ਹਨ, ਜਿਨ੍ਹਾਂ ਕੋਲ 10 ਏਕੜ ਜ਼ਮੀਨ ਹੈ, ਉਹ ਦੋ ਏਕੜ 'ਚ ਕੁਦਰਤੀ ਖੇਤੀ ਕਰਦੇ ਹਨ। ਉਨ੍ਹਾਂ ਚੰਡੀਗੜ੍ਹ ਦੇ ਪਿੰਡਾਂ 'ਚ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਇਕ ਏਕੜ 'ਚ ਕੁਦਰਤੀ ਤਰੀਕੇ ਨਾਲ ਖੇਤੀ ਕਰਨ ਲਈ ਵੀ ਕਿਹਾ।