ਈਦ-ਉਲ-ਜ਼ੁਹਾ ਮੌਕੇ ਮੁਸਲਮਾਨ ਭਾਈਚਾਰੇ ਨੇ ਪੜ੍ਹੀ ਸਵੇਰ ਦੀ ਨਮਾਜ਼

ਚੰਡੀਗੜ੍ਹ, ਚੰਡੀਗੜ੍ਹ



ਪਟਿਆਲਾ, 2 ਸਤੰਬਰ (ਰਣਜੀਤ ਰਾਣਾ ਰੱਖੜਾ): ਈਦ-ਉਲ-ਜ਼ੁਹਾ (ਬਕਰੀਦ) ਦਾ ਪਵਿੱਤਰ ਤਿਉਹਾਰ ਅੱਜ ਜ਼ਿਲ੍ਹੇ ਭਰ ਵਿਚ ਮੁਸਲਿਮ ਭਾਈਚਾਰੇ ਵਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਅੱਜ ਵਾਲੇ ਦਿਨ ਪੈਗੰਬਰ ਹਜ਼ਰਤ ਇਬਰਾਹਿਮ ਜੀ ਦੀ ਅੱਲਾ ਪ੍ਰਤੀ ਪੂਰੀ ਸ਼ਰਧਾ ਅਤੇ ਸਮਰਪਣ ਦੀ ਭਾਵਨਾ ਨੂੰ ਪ੍ਰਗਟਾਉਂਦਾ ਹੈ। ਇਸ ਦਿਹਾੜੇ ਨੂੰ ਮਨਾਉਣ ਦਾ ਮੁੱਖ ਮੰਤਵ ਇਹ ਹੋਣਾ ਚਾਹੀਦਾ ਹੈ ਕਿ ਸਮਾਜ ਵਿਚ ਇਕਸੁਰਤਾ ਤੇ ਭਰਾਤਰੀਭਾਵ ਦੀ ਭਾਵਨਾ ਪੈਦਾ ਕਰ ਕੇ ਸ਼ਾਂਤੀ ਦਾ ਮਾਹੌਲ ਸਥਾਪਤ ਕੀਤਾ ਜਾ ਸਕੇ।
ਸ਼ਾਹੀ ਸ਼ਹਿਰ ਪਟਿਆਲਾ ਮਾਲ ਰੋਡ 'ਤੇ ਸਥਿਤ ਈਦਗਾਹ ਤੋਂ ਇਲਾਵਾ ਜ਼ਿਲ੍ਹੇ ਅੰਦਰ ਵੱਖ ਵੱਖ ਮਸਜਿਦਾਂ ਅਤੇ ਈਦਗਾਹਾਂ ਵਿਚ ਭਾਵੇਂ ਕਿ ਬੀਤੀ ਰਾਤ ਲਗਾਤਾਰ ਬਾਰਸ਼ ਪੈਣ ਨਾਲ ਪਾਣੀ ਖੜ ਗਿਆ ਸੀ ਪਰ ਫਿਰ ਵੀ ਮੁਸਲਿਮ ਭਾਈਚਾਰੇ ਵਿਚ ਇਸ ਤਿਉਹਾਰ ਨੂੰ ਲੈ ਕੇ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ, ਉਥੇ ਹੀ ਵੱਖ ਵੱਖ ਈਦਗਾਹਾਂ ਅਤੇ ਮਸਜਿਦਾਂ ਵਿਚ ਸਵੇਰ ਦੀ ਨਮਾਜ਼ ਅਦਾ ਕੀਤੀ ਗਈ। ਪਟਿਆਲਾ ਈਦ ਗਾਹ ਵਿਖੇ ਨੂਰ ਅਲ ਹਸਨ  ਮੁਲਾਨਾ ਨੇ ਸਮੁੱਚੇ ਭਾਈਚਾਰੇ ਨੂੰ ਸਵੇਰ ਦੀ ਨਮਾਜ਼ ਅਦਾ ਕਰਵਾਈ, ਉਥੇ ਹੀ ਸਮੁੱਚੇ ਭਾਈਚਾਰੇ ਨੂੰ ਆਪਸੀ ਸਾਂਝ ਬਣਾ ਕੇ ਰੱਖਣ ਦਾ ਸੁਨੇਹਾ ਦਿਤਾ। ਇਸ ਮੌਕੇ ਅਬਦੁਲ ਵਾਹੀਦ ਮੈਂਬਰ ਪੰਜਾਬ ਵਕਫ਼ ਬੋਰਡ, ਆਸੀਫ਼ ਅਲੀ, ਪ੍ਰੋਫੈ. ਸੱਤਾਰ ਮੁਹੰਮਦ, ਅਬਦੁਲ ਰਸੀਦ, ਹਾਕਮ ਖਾਨ, ਅਨਵਰ ਖ਼ਾਨ ਆਦਿ ਹੋਰ ਭਾਈਚਾਰੇ ਦੇ ਲੋਕ ਹਾਜ਼ਰ ਸਨ, ਇਸੇ ਅਨੁਸਾਰ ਪਿੰਡ ਧਬਲਾਨ ਦੀ ਈਦਗਾਹ ਵਿਖੇ ਮੌਲਵੀ ਮੁਹੰਮਦ ਨਸੀਮ ਵਲੋਂ ਸਮੁੱਚੇ ਭਾਈਚਾਰੇ ਨੂੰ ਸਵੇਰ ਦੀ ਨਮਾਜ਼ ਅਦਾ ਕਰਵਾਉਣ ਉਪਰੰਤ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਲਈ ਸੁਨੇਹਾ ਦਿਤਾ, ਉਥੇ ਹੀ ਬਹਾਦਰ ਖ਼ਾਨ ਪੀ.ਏ. ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਸਮੁੱਚੇ ਭਾਈਚਾਰੇ ਨੂੰ ਅੱਜ ਦੇ ਤਿਉਹਾਰ ਦੀ ਵਧਾਈ ਦਿਤੀ। ਇਸ ਮੌਕੇ ਦੀਦਾਰ ਖ਼ਾਨ, ਸਾਦੀਕ, ਗੁਲਜ਼ਾਰ ਖ਼ਾਨ, ਬਲਬੀਰ ਖ਼ਾਨ, ਜਬੀਦ ਖ਼ਾਨ, ਪਰਵਿੰਦਰ ਖ਼ਾਨ, ਸ਼ੁਕਰਦੀਨ, ਮੁਸਤਾਦ ਸਰਾਜਪੁਰ ਆਦਿ ਵੀ ਹਾਜ਼ਰ ਸਨ।