ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਦੌਰਾਨ ਫ਼ੌਤ ਹੋਏ ਦਾਦੇ ਦੀ ਮੌਤ ਦੇ ਮੁਆਵਜ਼ੇ ਲਈ 98 ਸਾਲ ਮਗਰੋਂ ਹਾਈ ਕੋਰਟ ਕੋਲ ਕੀਤੀ ਫ਼ਰਿਆਦ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ: 13 ਅਪ੍ਰੈਲ 1919 ਨੂੰ ਵਾਪਰੇ ਜਲਿਆਂਵਾਲੇ ਬਾਗ਼ ਦੇ ਖੂਨੀ ਸਾਕੇ ਦੇ ਸ਼ਿਕਾਰ ਹੋਏ ਇਕ ਵਿਅਕਤੀ ਦਾ ਪੋਤਰਾ ਸਾਲ 2017 'ਚ ਕਰੀਬ 98 ਸਾਲ ਮਗਰੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਮੁਆਵਜ਼ੇ ਦੀ ਫਰਿਆਦ ਲੈ ਕੇ ਪੁੱਜਾ ਹੈ। ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਮੋਹਨ ਸਿੰਘ ਪੁੱਤਰ ਵਸਾਖਾ ਸਿੰਘ ਨਾਮੀਂ ਕਰੀਬ 97 ਸਾਲ ਇਸ ਸੱਜਣ ਨੇ ਹਾਈ ਕੋਰਟ 'ਚ ਦਾਇਰ ਇਸ ਪਟੀਸ਼ਨ ਤਹਿਤ ਦਾਅਵਾ ਕੀਤਾ ਹੈ ਕਿ ਉਸ ਦੇ ਦਾਦਾ ਈਸ਼ਰ ਸਿੰਘ ਪੁੱਤਰ ਖਜਾਨ ਸਿੰਘ ਵਾਸੀ ਪਿੰਡ ਗਲਵਟੀ, ਤਹਿਸੀਲ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੀ ਜਲਿਆਂਵਾਲੇ ਬਾਗ਼ 'ਚ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ।

ਦੱਸਿਆ ਗਿਆ ਕਿ 13 ਅਪ੍ਰੈਲ 1919 ਨੂੰ ਈਸ਼ਰ ਸਿੰਘ ਪਿੰਡੋਂ 15/16 ਬੰਦਿਆਂ ਨਾਲ ਜਲਿਆਂਵਾਲੇ ਬਾਗ਼ ਪੁਜੇ ਹੋਏ ਸਨ ਅਤੇ ਈਸ਼ਰ ਸਿੰਘ ਦੀ ਗੋਲੀ ਲੱਗਣ ਕਾਰਨ ਥਾਂ 'ਤੇ ਹੀ ਮੌਤ ਹੋ ਗਈ ਸੀ। ਇਸ ਦੇ ਪ੍ਰਮਾਣ ਵਜੋਂ ਜਲਿਆਂਵਾਲਾ ਬਾਗ਼ ਟਰੱਸਟ ਦਾ ਸ਼ਹੀਦਾਂ ਬਾਰੇ ਰੀਕਾਰਡ, ਪੰਜਾਬੀ ਯੂਨੀਵਰਸਟੀ ਪਟਿਆਲਾ ਦੀ ਜਲਿਆਂਵਾਲੇ ਬਾਗ਼ ਦੇ ਸਾਕੇ ਬਾਰੇ ਖੋਜ ਪੁਸਤਕ ਆਦਿ ਦੇ ਹਵਾਲੇ ਵੀ ਹਾਈ ਕੋਰਟ ਸਾਹਵੇਂ ਰੱਖੇ ਗਏ ਹਨ।