ਜਸਟਿਸ ਮਹਿਤਾਬ ਸਿੰਘ ਗਿੱਲ ਨੇ ਅਕਾਲੀ ਦਲ ਦੇ ਦਾਅਵਿਆਂ ਦੀ ਕੱਢੀ ਫੂਕ!

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ: ਅਕਾਲੀ ਦਲ-ਬੀਜੇਪੀ ਸਰਕਾਰ ਵੇਲੇ ਦਰਜ ਕੀਤੇ ਨਾਜਾਇਜ਼ ਮੁਕੱਦਮਿਆਂ ਦੀ ਜਾਂਚ ਕਰ ਰਹੇ ਜਸਟਿਸ ਮਹਿਤਾਬ ਸਿੰਘ ਗਿੱਲ ਨੇ ਅੱਜ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, “ਅਕਾਲੀ ਹੁਣ ਜੋ ਮਰਜ਼ੀ ਕਹਿਣ, ਮੈਨੂੰ ਜੱਜ ਬਣਵਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਹਨ। ਉਨ੍ਹਾਂ ਮੇਰੇ ਲਈ ਹਾਈਕੋਰਟ ਦੇ ਮੁੱਖ ਜੱਜ ਨੂੰ ਲੈਟਰ ਲਿਖਿਆ ਸੀ। ਮੈਂ ਮੋਗੇ ਪ੍ਰੈਕਟਿਸ ਕਰਨ ਵੇਲੇ ਬਾਦਲ ਗਰੁੱਪ ਦਾ ਸੀ।”

ਉਨ੍ਹਾਂ ਕਿਹਾ, “ਬਾਦਲ ਮੇਰੇ ਪਿਤਾ ਦੇ ਦੋਸਤ ਸਨ। ਮੇਰੇ ਪੁੱਤ ਅਕਾਲੀ ਦਲ ਦੇ ਦੋ ਵਾਰ ਵਿਧਾਇਕ ਰਹੇ ਹਨ। ਸੁਖਬੀਰ ਬਾਦਲ ਮੇਰੇ ਚੰਗੇ ਦੋਸਤ ਹਨ ਪਰ ਪਤਾ ਨਹੀਂ ਕਿਉਂ ਉਲਟ ਬੋਲਦੇ ਹਨ।” ਜਸਟਿਸ ਗਿੱਲ਼ ਨੇ ਕਿਹਾ, “ਅਕਾਲੀ ਦੱਸਣ ਕਿ ਮੇਰੇ ਕੋਲ ਅਮਰਪਾਲ ਬੋਨੀ ਇਨਸਾਫ ਲੈਣ ਕਿਉਂ ਆਇਆ? ਹੋਰ ਅਕਾਲੀਆਂ ਨੂੰ ਮੈਂ ਵੀ ਸੁਣਿਆ ਹੈ।” ਜਸਟਿਸ ਗਿੱਲ ਦੇ ਇਸ ਬਿਆਨ ਨੇ ਅਕਾਲੀ ਦਲ ਦੇ ਉਨ੍ਹਾਂ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ ਜਿਨ੍ਹਾਂ ਵਿੱਚ ਉਨ੍ਹਾਂ ਨੇ ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ ਨੂੰ ਕਾਂਗਰਸ ਦਾ ਕਮਿਸ਼ਨ ਕਿਹਾ ਸੀ।