ਚੰਡੀਗੜ੍ਹ, 20 ਅਕਤੂਬਰ (ਤਰੁਣ ਭਜਨੀ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਦੀਵਾਲੀ ਦੀ ਰਾਤ ਚੰਡੀਗੜ੍ਹ ਵਿਚ ਦੇਰ ਰਾਤ ਤਕ ਪਟਾਕੇ ਚਲਦੇ ਰਹੇ ਜਿਸ ਦਾ ਨਤੀਜਾ ਇਹ ਹੋਇਆ ਕਿ ਕਈ ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚ ਕਈ ਲੋਕ ਅਜਿਹੇ ਹਨ, ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਸਦਾ ਲਈ ਚਲੀ ਗਈ ਹੈ। ਇਸ ਸਾਲ ਪੀ ਜੀ ਆਈ ਵਿਚ 37 ਲੋਕ ਅੱਖਾਂ ਵਿਚ ਪਟਾਕਾ ਵੱਜਣ ਕਾਰਨ ਦਾਖ਼ਲ ਹੋਏ। ਇਸ ਦੇ ਨਾਲ ਹੀ 17 ਲੋਕ ਅੱਗ ਲੱਗ ਜਾਣ ਕਾਰਨ ਦਾਖ਼ਲ ਕੀਤੇ ਗਏ। ਸੈਕਟਰ-16 ਦੇ ਸਰਕਾਰੀ ਹਸਪਤਾਲ ਵਿਚ 8 ਜਣੇ ਅੱਖਾਂ ਵਿਚ ਜ਼ਖ਼ਮ ਹੋਣ 'ਤੇ ਦਾਖ਼ਲ ਹੋਏ ਅਤੇ 39 ਮਾਮਲੇ ਅੱਗ ਨਾਲ ਝੁਲਸਣ ਦੇ ਆਏ। ਸੈਕਟਰ-32 ਦੇ ਸਰਕਾਰੀ ਹਸਪਤਾਲ ਵਿਚ ਅੱਖਾਂ ਦੇ 7 ਅਤੇ ਅੱਗ ਲੱਗਣ ਦੇ 5 ਮਾਮਲੇ ਆਏ। ਮਨੀਮਾਜਰਾ ਸਿਵਲ ਹਸਪਤਾਲ ਵਿਚ 14 ਮਾਮਲੇ ਅੱਗ ਲੱਗਣ ਦੇ ਆਏ। ਸੈਕਟਰ 45 ਹਸਪਤਾਲ ਵਿਚ 2 ਅੱਖਾਂ ਦੇ ਅਤੇ 9 ਅੱਗ ਲੱਗਣ ਕਾਰਨ ਦਾਖ਼ਲ ਆਏ। ਸੈਕਟਰ-22 ਹਸਪਤਾਲ ਵਿਚ 4 ਮਾਮਲੇ ਅੱਗ ਲੱਗਣ ਦੇ ਆਏ।
ਇਸ ਸਾਲ ਪੀ.ਜੀ.ਆਈ. ਸਮੇਤ 141 ਮਾਮਲੇ ਪਟਾਕਿਆਂ ਕਾਰਨ ਜ਼ਖ਼ਮੀ ਹੋਣ ਦੇ ਆਏ ਹਨ। ਪੀ.ਜੀ.ਆਈ. ਦੇ ਐਡਵਾਂਸ ਆਈ ਸੈਂਟਰ ਵਿਚ 37 ਜਣੇ ਅੱਖਾਂ ਵਿਚ ਜ਼ਖ਼ਮ ਹੋਣ 'ਤੇ ਦਾਖ਼ਲ ਹੋਏ ਜਿਨ੍ਹਾਂ ਵਿਚ 20 ਦੇ ਕਰੀਬ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਨ੍ਹਾਂ ਦੀ ਤੁਰਤ ਸਰਜਰੀ ਕਰਨੀ ਪਈ। ਪੀ.ਜੀ.ਆਈ. ਦੇ ਡਾਇਰੈਕਟਰ ਅਤੇ ਐਡਵਾਂਸ ਆਈ ਸੈਂਟਰ ਦੇ ਮੁਖੀ ਜਗਤ ਰਾਮ ਨੇ ਦਸਿਆ ਕਿ ਜ਼ਿਆਦਾਤਰ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਸਦਾ ਲਈ ਚਲੀ ਗਈ ਹੈ। ਜ਼ਖ਼ਮੀ ਹੋਣ ਵਾਲੇ ਜ਼ਿਆਦਾਤਰ ਦੀ ਉਮਰ 16 ਸਾਲ ਤੋਂ ਘੱਟ ਹੈ। ਹਾਲਾਂਕਿ ਪਿਛਲੇ ਸਾਲ ਸ਼ਹਿਰ ਦੇ ਹਸਪਤਾਲਾਂ ਵਿਚ 153 ਮਾਮਲੇ ਪਟਾਕਿਆਂ ਕਾਰਨ ਜ਼ਖ਼ਮੀ ਹੋਣ ਵਾਲੇ ਆਏ ਸਨ ਅਤੇ ਉਸ ਦੇ ਮੁਕਾਬਲੇ ਇਸ ਵਾਰ ਦਾ ਅੰਕੜਾ ਹਲਕਾ ਜਿਹਾ ਘੱਟ ਹੈ। ਇਸ ਸਾਲ 141 ਮਾਮਲੇ ਸਾਹਮਣੇ ਆਏ ਹਨ। ਸੱਭ ਤੋਂ ਵਧ ਬੱਚਿਆਂ ਨੇ ਗਵਾਈ ਅੱਖਾਂ ਦੀ ਰੋਸ਼ਨੀ: ਪੀ.ਜੀ.ਆਈ. ਵਿਚ ਦਾਖ਼ਲ ਖਰੜ ਦੇ ਰਹਿਣ ਵਾਲੇ 7 ਸਾਲਾ ਬੱਚੇ ਰਚਿਤ ਦੀ ਸੱਜੀ ਅੱਖ ਦੀ ਰੋਸ਼ਨੀ ਸਦਾ ਲਈ ਚਲੀ ਗਈ ਹੈ। ਰਚਿਤ ਦੇ ਪਿਤਾ ਨਿਤਿਨ ਨੇ ਦਸਿਆ ਕਿ ਰਾਤ ਦੇ ਸਮੇਂ ਅਸੀਂ ਸਾਰੇ ਪਟਾਕੇ ਚਲਾ ਰਹੇ ਸਨ। ਇਸ ਦੌਰਾਨ ਇਕ ਰਾਕਟ ਆ ਕੇ ਪਟਾਕਿਆ 'ਤੇ ਡਿਗਿਆ ਅਤੇ ਉਥੇ ਪਏ ਸਾਰੇ ਪਟਾਕੇ ਫਟ ਗਏ ਜਿਸ ਨਾਲ ਉਥੇ ਖੜੇ ਰਚਿਤ ਦਾ ਮੂੰਹ ਪਟਾਕਿਆ ਨਾਲ ਝੁਲਸ ਗਿਆ। ਰਚਿਤ ਯੂਕੇਜੀ ਵਿਚ ਪੜ੍ਹਦਾ ਹੈ। ਇਸੇ ਤਰ੍ਹਾਂ ਪਰਵਾਣੂ ਤੋਂ ਆਏ 12 ਸਾਲਾ ਬੱਚੇ ਸੰਜੇ ਦਾ ਮੂੰਹ ਬੁਰੀ ਤਰ੍ਹਾਂ ਝੁਲਸ ਗਿਆ ਹੈ। ਸੰਜੇ ਅਪਣੇ ਦੋਸਤਾਂ ਨਾਲ ਪਟਾਕੇ ਚਲਾ ਰਿਹਾ ਸੀ। ਇਸ ਦੌਰਾਨ ਇਕ ਪਟਾਖਾ ਉਸ ਦੇ ਮੂੰਹ 'ਤੇ ਆ ਕੇ ਵਜਿਆ। ਸੰਜੇ ਦੀ ਅੱਖ ਵਿਚ ਜ਼ਖ਼ਮ ਹੋਇਆ ਹੈ। ਯੂ.ਪੀ. ਤੋਂ ਆਈ ਸੱਤ ਸਾਲ ਦੀ ਬੱਚੀ ਰਿਤੀਕਾ ਦੀ ਅੱਖ ਵਿਚ ਵੀ ਪਟਾਕੇ ਦੀ ਚਿੰਗਾੜੀ ਚਲੇ ਜਾਣ ਕਾਰਨ ਜ਼ਖ਼ਮੀ ਹੋ ਗਈ ਹੈ।