ਕੈਪਟਨ ਸਰਕਾਰ ਅਜੇ ਤਕ ਨਹੀਂ ਦੱਸ ਸਕੀ ਕਿ ਵਿਧਾਇਕ ਕਿਥੇ ਦੇਣ ਅਚੱਲ ਸਬੰਧੀ ਜਾਣਕਾਰੀ: ਅਮਨ ਅਰੋੜਾ

ਚੰਡੀਗੜ੍ਹ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਦੇ ਸਹਿ-ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਗੰਭੀਰਤਾ ਉੱਪਰ ਸਵਾਲ ਉਠਾਉਂਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਪੱਤਰ ਲਿਖਿਆ ਹੈ ਕਿ ਬਤੌਰ ਵਿਧਾਇਕ ਉਨ੍ਹਾਂ ਨੂੰ ਅਜੇ ਤਕ ਇਹ ਨਹੀਂ ਦਸਿਆ ਜਾ ਰਿਹਾ ਕਿ ਹਰ ਸਾਲ 31 ਦਸੰਬਰ ਤਕ ਅਪਣੀ ਅਚੱਲ ਸੰਪਤੀ ਸਬੰਧੀ ਜਾਣਕਾਰੀ ਕਿਥੇ ਅਤੇ ਕਿਸ ਨੂੰ ਦੇਣੀ ਹੈ।

'ਆਪ' ਵਲੋਂ ਜਾਰੀ ਬਿਆਨ ਰਾਹੀਂ ਅਮਨ ਅਰੋੜਾ ਨੇ ਪੱਤਰ ਰਾਹੀਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਯਾਦ ਕਰਵਾਇਆ ਕਿ ਪੰਜਾਬ ਵਿਧਾਨ ਸਭਾ ਦੇ ਹਾਲ ਹੀ ਦੌਰਾਨ ਸਮਾਪਤ ਹੋਏ ਸੈਸ਼ਨ ਦੌਰਾਨ 'ਦ ਪੰਜਾਬ ਲੈਜਿਸਲੈਟਿਵ ਅਸੰਬਲੀ' (ਸੈਲਰੀਜ਼ ਐਂਡ ਅਲਾਊਂਸਿਜ ਆਫ਼ ਮੈਂਬਰਜ਼) ਅਮੈਂਡਮੈਂਟ ਬਿਲ 2017 (ਬਿਲ ਨੰਬਰ 24-ਪੀਐਲਏ-2017) ਪਾਸ ਹੋਇਆ ਹੈ। ਜਿਸ ਤਹਿਤ ਹਰ ਵਿਧਾਇਕ ਨੂੰ ਹਰ ਸਾਲ ਪਹਿਲੀ ਜਨਵਰੀ ਤਕ ਅਪਣੀ ਅਚੱਲ ਸੰਪਤੀ ਬਾਰੇ ਪੂਰੀ ਜਾਣਕਾਰੀ ਦੇਣਾ ਜ਼ਰੂਰੀ ਕੀਤਾ ਹੈ।