ਚੰਡੀਗੜ੍ਹ੍ਰ, 13 ਸਤੰਬਰ
(ਬਠਲਾਣਾ) : ਵਿਦੇਸ਼ਾਂ ਵਿਚ ਜਾਣ ਦੀ ਚਾਹਤ ਦੇ ਚਲਦਿਆਂ ਪੰਜਾਬ ਯੂਨੀਵਰਸਟੀ ਨਾਲ ਜੁੜੇ
ਕਾਲਜਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਘਟੀ ਹੈ। ਇਹ ਮੁੱਦਾ 10 ਸਤੰਬਰ ਨੂੰ ਹੋਈ ਸੈਨੇਟ
ਵਿਚ ਵੀ ਉਠਿਆ, ਜਿਥੇ ਪ੍ਰੋ. ਦਲੀਪ ਕੁਮਾਰ ਨੇ ਪ੍ਰਗਟਾਵਾ ਕੀਤੀ ਕਿ ਚੰਡੀਗੜ੍ਹ ਦੇ
ਕਾਲਜਾਂ ਵਿਚ 20 ਫ਼ੀ ਸਦੀ ਤਕ ਦਾਖ਼ਲਿਆਂ 'ਚ ਕਮੀ ਦਰਜ ਕੀਤੀ ਗਈ ਹੈ। ਪ੍ਰੋ. ਕੁਮਾਰ ਜੋ
ਸਥਾਨਕ ਸਰਕਾਰੀ ਕਾਲਜ ਸੈਕਟਰ 42 ਤੋਂ ਹਨ ਅਤੇ 'ਰੂਸਾ' ਦੇ ਕੋਆਰਡੀਨੇਟ ਨੇ ਦਾਅਵਾ ਕੀਤਾ
ਕਿ ਪੰਜਾਬ ਦੇ ਕਾਲਜਾਂ ਵਿਚ ਤਾਂ ਇਹ ਕਮੀ ਹੋਰ ਵੀ ਜ਼ਿਆਦਾ ਆਈ ਹੈ।
ਨੈਸ਼ਨਲ ਕਾਲਜ ਨਾਰੰਗਵਾਲ ਦੇ ਪ੍ਰਿੰਸੀਪਲ ਅਤੇ ਸੈਨੇਟ ਮੈਂਬਰ ਸ. ਹਰਦਿਲਜੀਤ ਸਿੰਘ ਗੋਸਲ ਨੇ ਜਿਥੇ ਪ੍ਰੋ. ਕੁਮਾਰ ਦੇ ਪ੍ਰਗਟਾਵੇ ਦੀ ਤਸਦੀਕ ਕੀਤੀ, ਉਥੇ ਸੁਝਾਅ ਵੀ ਦਿਤਾ ਕਿ ਕਾਲਜਾਂ ਵਿਚ ਅੰਗਰੇਜ਼ੀ ਬੋਲਣ ਅਤੇ ਆਈਲੈਟਸ ਕਰਵਾਉਣ ਦੇ ਕੋਰਸਾਂ ਦਾ ਪ੍ਰਬੰਧ ਕੀਤਾ ਜਾਵੇ ਤਾਕਿ ਘਟ ਰਹੀ ਗਿਣਤੀ ਨੂੰ ਰੋਕਿਆ ਜਾ ਸਕੇ।
ਇਸ ਮਾਮਲੇ ਬਾਰੇ ਜਦੋਂ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ (ਲੁਧਿਆਣਾ) ਦੇ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਭਾਵੇਂ ਉਨ੍ਹਾਂ ਦੇ ਕਾਲਜ 'ਚ ਗਿਣਤੀ ਨਹੀਂ ਘਟੀ, ਪ੍ਰੰਤੂ ਪੰਜਾਬ ਦੇ ਬਾਕੀ ਕਾਲਜਾਂ ਵਿਚ ਗਿਣਤੀ 'ਚ ਕਮੀ ਆਈ ਹੈ। ਇਸ ਦਾ ਮੁੱਖ ਕਾਰਨ ਉਹ ਪੰਜਾਬ ਸਕੂਲ ਸਿਖਿਆ ਬੋਰਡ ਦੇ +2 ਦੇ ਨਤੀਜੇ ਦਾ ਘੱਟ ਹੋਣਾ ਅਤੇ ਦੂਜਾ ਵਿਦਿਆਰਥੀਆਂ ਦਾ ਆਈਲੈਟਸ ਰੁਝਾਨ ਨੂੰ ਦਸਿਆ।
ਵਿਦਿਆਰਥੀਆਂ ਦੀ ਘਟ ਰਹੀ ਗਿਣਤੀ ਬਾਰੇ
ਜਦੋਂ ਡੀਨ ਕਾਲਜ ਵਿਕਾਸ ਕੌਂਸਲ ਪ੍ਰੋ. ਪਰਵਿੰਦਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ
ਵੀ ਮੰਨਿਆ ਕਿ ਦਾਖ਼ਲਿਆਂ ਵਿਚ ਕਮੀ ਪਾਈ ਹੈ, ਪ੍ਰੰਤੂ ਇਸ ਦੇ ਕਈ ਕਾਰਨ ਹਨ ਜਿਵੇਂ ਇਸ
ਵਾਰੀ ਪੰਜਾਬ ਸਕੂਲ ਸਿਖਿਲਾ ਬੋਰਡ ਦਾ +2 ਦਾ ਨਤੀਜਾ ਕਾਫ਼ੀ ਘੱਟ ਰਿਹਾ ਹੈ, ਜਿਸ ਕਰ ਕੇ
ਬੀ.ਏ./ਬੀ.ਐਸ.ਸੀ. ਭਾਗ ਪਹਿਲਾ 'ਚ ਦਾਖ਼ਲੇ ਘੱਟ ਹੋਏ ਹਨ, ਦੂਜਾ ਬਹੁਤ ਵਿਦਿਆਰਥੀ +2 ਪਾਸ
ਕਰਨ ਤੋਂ ਬਾਅਦ ਵਿਦੇਸ਼ ਜਾਣ ਨੂੰ ਤਰਜੀਹ ਦੇ ਰਹੇ ਹਨ। ਹੁਣ ਬਾਹਰ ਜਾਣ ਦਾ ਰਸਤਾ ਆਸਾਨ
ਹੋ ਗਿਆ ਹੈ ਕਿਉਂਕਿ ਯੂਰਪੀ ਦੇਸ਼ਾਂ ਨੇ ਬਹੁਤੀਆਂ ਸ਼ਰਤਾਂ ਹਟਾ ਦਿਤੀਆਂ ਹਨ ਜਾਂ ਨਰਮ ਕਰ
ਦਿਤੀਆਂ ਹਨ। ਕੇਵਲ ਆਈਲੈਟਸ ਹੀ ਮੁੱਖ ਸਰੋਤ ਹੈ, ਦੂਜਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਹੁਤੇ
ਵਿਦਿਆਰਥੀਆਂ ਵਿਦੇਸ਼ ਜਾਣ ਦਾ ਹਮੇਸ਼ਾ ਮੋਹਰੀ ਰਹੇ ਹਨ।
ਚੰਡੀਗੜ੍ਹ ਦੇ ਕਾਲਜਾਂ 'ਚ ਗਿਣਤੀ ਘਟਣ ਦਾ ਮੁੱਖ ਕਾਰਨ ਇਹ ਹੈ ਕਿ ਬਹੁਤ ਵਿਦਿਆਰਥੀ ਰਵਾਇਤੀ ਕੋਰਸਾਂ ਦੀ ਥਾਂ 'ਤੇ ਸਕਿੱਲ ਡਿਵੈਲਪਮੈਂਟ ਕੋਰਸਾਂ ਵਲ ਜਾ ਰਹੇ ਹਨ। ਪ੍ਰੋ. ਪਰਵਿੰਦਰ ਸਿੰਘ ਨੇ ਦਸਿਆ ਕਿ ਆਈਲੈਟਸ 'ਚ ਕੋਚਿੰਗ ਦੇ ਕਾਫ਼ੀ ਸੈਂਟਰ ਖੁਲ੍ਹ ਗਏ ਹਨ। ਕਈ ਜਗ੍ਹਾ ਰਿਆਇਤੀ ਦਰਾਂ 'ਤੇ ਵੀ ਕੋਰਸ ਕਰਵਾਏ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਲਗਭਗ 200
ਕਾਲਜ (ਸਰਕਾਰੀ ਅਤੇ ਗ਼ੈਰ ਸਰਕਾਰੀ) ਯੂਨੀਵਰਸਟੀ ਨਾਲ ਜੁੜੇ ਹੋਏ ਹਨ, ਜਿਥੇ 2 ਲੱਖ ਦੇ
ਕਰੀਬ ਵਿਦਿਆਰਥੀ ਪੜ੍ਹਦੇ ਹਨ। ਨੌਕਰੀਆਂ ਨਾਲ ਮਿਲਣ ਕਰ ਕੇ ਵੀ ਰਵਾਇਤੀ ਕੋਰਸਾਂ 'ਚ
ਗਿਣਤੀ ਘੱਟ ਰਹੀ ਹੈ। ਦੂਜੇ ਪਾਸੇ ਇੰਜੀਨੀਅਰਿੰਗ ਕਾਲਜਾਂ ਦੀ ਗਿਣਤੀ ਕਾਫ਼ੀ ਵੱਧ ਗਈ ਹੈ।
ਸਟਾਫ਼ ਦੀ ਕਮੀ ਵੀ ਇਕ ਕਾਰਨ ਹੋ ਸਕਦੀ ਹੈ।