ਕਮਿਉਨਿਟੀ ਸੈਂਟਰਾਂ ਦੇ ਕਿਰਾਏ ਸਬੰਧੀ ਭਖਵੀਂ ਬਹਿਸ ਦੀ ਆਸ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 28 ਅਕਤੂਬਰ (ਸਰਬਜੀਤ ਢਿੱਲੋਂ) : ਚੰਡੀਗੜ੍ਹ ਵਲੋਂ ਸਾਬਕਾ ਭਾਜਪਾ ਮੇਅਰ ਅਰੁਣ ਸੂਦ ਦੀ ਅਗਵਾਈ 'ਚ ਨਿਗਮ ਅਧੀਨ ਆਉਂਦੇ ਕਮਿਉਨਿਟੀ ਸੈਂਟਰਾਂ ਨੂੰ ਕਿਰਾਏ 'ਤੇ ਲੈਣ ਲਈ ਫ਼ੀਸਾਂ ਤਿੰਨ ਗੁਣਾਂ ਵਧਾ ਦੇਣ ਦਾ ਮਾਮਲਾ ਸ਼ਹਿਰ ਵਾਸੀਆਂ ਲਈ ਮਹਿੰਗਾਈ ਦੇ ਦੌਰ 'ਚ ਇਕ ਵਾਰ ਫਿਰ ਭਖ਼ਵਾਂ ਮੁੱਦਾ ਬਣ ਗਿਆ ਹੈ। ਦੋ ਦਿਨ ਪਹਿਲਾਂ ਨਗਰ ਨਿਗਮ ਦੀ ਸਬ ਕਮੇਟੀ ਨੇ ਏ-ਕੈਟਾਗਿਰੀ ਦੇ ਪ੍ਰਤੀ 10 ਹਜ਼ਾਰ ਰੁਪਏ ਵਾਲੇ ਸੈਂਟਰਾਂ ਦਾ ਕਿਰਾਇਆ 30 ਹਜ਼ਾਰ ਰੁਪਏ ਕਰਨ ਦੀ ਸਿਫ਼ਾਸ਼ ਕੀਤੀ ਸੀ। ਇਸ ਮੁੱਦੇ ਨੂੰ 30 ਅਕਤੂਬਰ ਸੋਮਵਾਰ ਨੂੰ ਹੋਣ ਵਾਲੀ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ 'ਚ ਏਜੰਡਾ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਲਈ ਹੰਗਾਮਾ ਹੋਣ ਦੇ ਆਸਾਰ ਵੱਧ ਗਏ ਹਨ। ਇਸ ਨਾਲ ਆਮ ਸ਼ਹਿਰ ਵਾਸੀਆਂ 'ਤੇ ਭਾਰੀ ਬੋਝ ਪਵੇਗਾ।ਦਸਣਯੋਗ ਹੈ ਕਿ ਚੰਡੀਗੜ੍ਹ ਨਗਰ ਨਿਗਮ ਕੋਲ 50 ਦੇ ਲਗਭਗ ਛੋਟੇ-ਵੱਡੇ ਕਮਿਉਨਿਟੀ ਸੈਂਟਰ ਹਨ, ਜਿਨ੍ਹਾਂ ਨੂੰ ਪਹਿਲਾਂ ਦੋ ਕੈਟਾਗਿਰੀਆਂ ਏਅਰ ਕੰਡੀਸ਼ਨ ਤੇ ਨਾਨ-ਏਅਰ ਕੰਡੀਸ਼ਨ ਵਿਚ ਰਖਿਆ ਜਾਂਦਾ ਸੀ ਪਰੰਤੂ ਹੁਣ ਏ, ਬੀ, ਸੀ ਅਤੇ ਡੀ ਕੈਟਾਗਿਰੀਆਂ 'ਚ ਕਮਿਉਨਿਟੀ ਸੈਂਟਰਾਂ ਨੂੰ ਦਰਜਾ ਦੇ ਦਿਤਾ ਗਿਆ ਹੈ।