ਚੰਡੀਗੜ੍ਹ, 17 ਸਤੰਬਰ
(ਸ.ਸ.ਧ.): ਆਲ ਇੰਡੀਆ ਲਾਇਰਜ਼ ਯੂਨੀਅਨ ਵਲੋਂ ਕਰਵਾਏ ਗਏ ਇਕ ਸੈਮੀਨਾਰ 'ਚ ਉਘੇ ਵਕੀਲ ਅਤੇ
ਚਿੰਤਕ ਸ. ਰਜਿੰਦਰ ਸਿੰਘ ਚੀਮਾ ਨੇ ਕਿਹਾ ਕਿ ਇਸ ਵੇਲੇ ਦੇਸ਼ ਨੂੰ ਕਾਰਪੋਰੇਟ ਘਰਾਣੇ ਚਲਾ
ਰਹੇ ਹਨ। ਇਹ ਘਰਾਣੇ ਹੀ ਫ਼ੈਸਲਾ ਕਰਦੇ ਹਨ ਕਿ ਕਿਹੜੀ ਪਾਰਟੀ ਨੂੰ ਜਿਤਾਉਣਾ ਹੈ ਅਤੇ ਉਸ
ਲਈ ਕਿਸ ਤਰ੍ਹਾਂ ਦਾ ਪ੍ਰਚਾਰ ਕਰਨਾ ਹੈ ਅਤੇ ਕਿਵੇਂ ਲੋਕਾਂ ਨੂੰ ਭੰਬਲਭੂਸੇ ਵਿਚ ਪਾਉਣਾ
ਹੈ। ਉਨ੍ਹਾਂ ਕਿਹਾਕਿ ਇਸ ਵੇਲੇ ਦੇਸ਼ ਵਿਚ ਲੋਕ ਰਾਏ ਦੀ ਬਜਾਏ ਕਾਰਪੋਰੇਟਕਰੇਸੀ ਪ੍ਰਚਲਤ
ਹੈ।
ਸ. ਚੀਮਾ ਜੋ ਲੋਕਰਾਜ ਦਰਪੇਸ਼ ਚੁਨੌਤੀਆਂ ਬਾਰੇ ਬੋਲ ਰਹੇ ਹਨ, ਨੇ ਕਿਹਾ ਕਿ ਦੇਸ਼
ਬੜੇ ਗੰਭੀਰ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਕਿਸ ਤਰ੍ਹਾਂ ਲਿਬਰਲ ਲੋਕਾਂ ਦੀ ਆਵਾਜ਼ ਨੂੰ
ਦਬਾਇਆ ਜਾ ਰਿਹਾ ਹੈ। ਇਹ ਇਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪਿਛਲੇ
ਦਿਨਾਂ ਵਿਚ ਗੌਰੀ ਲੰਕੇਸ਼ ਅਤੇ ਉਸ ਤੋਂ ਪਹਿਲਾਂ ਦਬੋਲਕਰ, ਪਨੇਸਰ ਤੇ ਕਲਬਰਗੀ ਦੇ ਕਤਲ
ਹੋਏ ਹਨ। ਉਸ ਤੋਂ ਸਪੱਸ਼ਟ ਹੈ ਕਿ ਕੁੱਝ ਤਾਕਤਾਂ ਆਜ਼ਾਦ ਆਵਾਜ਼ਾਂ ਨੂੰ ਦਬਾਉਣ ਲਈ ਪੂਰੀ
ਤਰ੍ਹਾਂ ਸਰਗਰਮ ਹੋ ਰਹੀਆਂ ਹਨ। ਇਸ ਸਬੰਧੀ ਉਹ ਹਿੰਸਾ ਦਾ ਸਹਾਰਾ ਵੀ ਲੈ ਰਹੀਆਂ ਹਨ।
ਚੀਮਾ ਨੇ ਕਿਹਾ ਕਿ ਇਨ੍ਹਾਂ ਖ਼ਤਰਿਆਂ ਨੂੰ ਵੇਖਦੇ ਹੋਏ ਸਾਰੇ ਲੋਕਾਂ ਨੂੰ ਇਕੱਠੇ ਹੋ ਕੇ
ਫ਼ਿਰਕਾਪ੍ਰਸਤ, ਫ਼ੁਟ ਪਾਉ ਤਾਕਤਾਂ ਦਾ ਪੂਰੇ ਜ਼ੋਰ ਨਾਲ ਵਿਰੋਧ ਕਰਨਾ ਚਾਹੀਦਾ ਹੈ ਅਤੇ
ਇਨ੍ਹਾਂ ਵਿਰੁਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਚੀਮਾ ਨੇ ਕਿਹਾ ਕਿ ਦੇਸ਼ ਵਿਚ ਅਰਥਚਾਰੇ
ਦਾ ਬੁਰਾ ਹਾਲ ਹੈ, ਗਰੀਬ ਹੋ ਗਰੀਬ ਹੋ ਰਿਹਾ ਹੈ, ਕਿਸਾਨ ਤੇ ਖੇਤ ਮਜ਼ਦੂਰ ਖ਼ੁਦਕੁਸ਼ੀਆਂ ਕਰ
ਰਹੇ ਹਨ ਪਰ ਪੈਸਾ ਕੁੱਝ ਗਿਣੇ-ਚੁਣੇ ਲੋਕਾਂ ਦੇ ਹੱਥਾਂ ਵਿਚ ਇਕੱਠਾ ਹੋ ਰਿਹਾ ਹੈ।
ਦੱਸਣਯੋਗ
ਹੈ ਕਿ ਸੈਮੀਨਾਰ ਵਿਚ ਤਾਮਿਲਨਾਭੂ, ਰਾਜਸਥਾਨ, ਬੰਗਾਲ, ਪੰਜਾਬ, ਹਰਿਆਣਾ ਅਤੇ ਹੋਰ
ਸੂਬਿਆਂ ਤੋਂ ਭਾਗ ਲੈਣ ਲਈ ਵਕੀਲ ਪੁੱਜੇ ਹੋਏ ਸਨ। ਇਸ ਮੌਕੇ ਸੀਨੀਅਰ ਵਕੀਲ ਮਨਜੀਤ ਖਹਿਰਾ
ਨੇ ਕਿਹਾ ਕਿ ਪਾਰਟੀਆਂ ਅੰਦਰਲੀ ਡੈਮੋਕਰੇਸੀ ਵੀ ਬਿਲਕੁਲ ਖ਼ਤਮ ਹੋ ਚੁਕੀ ਹੈ ਅਤੇ ਪਾਰਟੀ
ਆਗੂ ਅਪਣੀ ਮਨਮਰਜ਼ੀ ਨਾਲ ਅਹੁਦੇਦਾਰ ਚੁਣਦੇ ਹਨ ਅਤੇ ਅਪਣੇ ਹਥਠੋਕਿਆਂ ਨੂੰ ਹੀ ਅਹਿਮ
ਅਹੁਦਿਆਂ 'ਤੇ ਬਿਰਾਜਮਾਨ ਕਰਦੇ ਹਨ।
ਸੈਮੀਨਾਰ ਦੇ ਪ੍ਰਬੰਧਕ ਐਡਵੋਕੇਟ ਜੋਗਿੰਦਰ
ਸਿੰਘ ਤੂਰ ਨੇ ਕਿਹਾ ਕਿ ਲੋਕਾਂ ਨੂੰ ਇਕਮੁਠ ਹੋਣ ਦੀ ਜ਼ਰੂਰਤ ਹੈ ਕਿਉਂਕਿ ਇਸ ਵੇਲੇ
ਅਗਾਂਹਵਧੂ ਤਾਕਤਾਂ ਨੂੰ ਰੋਕਣ ਲਈ ਹਰ ਯਤਨ ਕੀਤਾ ਜਾ ਰਿਹਾ ਹੈ। ਲੋਕ ਇਹ ਤੈਅ ਕਰਨ ਲੱਗ
ਗਏ ਹਨ ਕਿ ਕਿਸੇ ਨੇ ਕੀ ਖਾਣਾ ਹੈ, ਕੀ ਪੀਣਾ ਅਤੇ ਕਿਸ ਤਰ੍ਹਾਂ ਰਹਿਣਾ-ਸਹਿਣਾ ਹੈ। ਜਿਸ
ਤਰ੍ਹਾਂ ਪਿਛਲੇ ਦਿਨਾਂ ਵਿਚ ਘੱਟ ਗਿਣਤੀ ਫ਼ਿਰਕੇ ਦੇ ਕੁੱਝ ਲੋਕਾਂ ਦੇ ਕਤਲ ਹੋਏ ਹਨ ਅਤੇ
ਉਨ੍ਹਾਂ 'ਤੇ ਹਮਲੇ ਹੋਏ ਹਨ। ਇਹ ਅਗਾਂਹਵਧੂ ਤਾਕਤਾਂ ਲਈ ਬਹੁਤ ਵੱਡੀ ਚੁਨੌਤੀ ਹੈ। ਇਸ
ਵਿਰੁਧ ਬੋਲਣਾ ਹਰ ਨਾਗਰਿਕ ਦਾ ਫ਼ਰਜ਼ ਹੈ।
ਇਕ ਹੋਰ ਸੀਨੀਅਰ ਵਕੀਲ ਪ੍ਰੇਮ ਸਿੰਘ ਭੰਗੂ
ਨੇ ਕਿਹਾ ਕਿ ਵਕੀਲਾਂ ਨੇ ਆਜ਼ਾਦੀ ਅੰਦੋਲਨ ਵਿਚ ਵੀ ਅਹਿਮ ਹਿੱਸਾ ਪਾਇਆ ਸੀ ਅਤੇ ਹੁਣ ਜਦੋਂ
ਦੇਸ਼ ਨੂੰ ਪਿਛਾਹ ਖਿੱਚੂ ਤਾਕਤਾਂ ਤੋਂ ਖ਼ਤਰਾ ਬਣਿਆ ਹੋਇਆ ਹੈ ਤਾਂ ਵਕੀਲਾਂ ਨੂੰ ਇਕੱਠੇ
ਹੋ ਕੇ ਇਨ੍ਹਾਂ ਤਾਕਤਾਂ ਵਿਰੁਧ ਲੋਕ ਰਾਏ ਬੁਲੰਦ ਕਰਨੀ ਚਾਹੀਦੀ ਹੈ। ਇਸ ਮੌਕੇ ਰਾਜੀਵ
ਗੋਂਦਾਰਾ, ਸਰਬਜੀਤ ਸਿੰਘ ਖਹਿਰਾ, ਯੂਨੀਅਨ ਦੇ ਪ੍ਰਧਾਨ ਬਿਕਾਸ਼ ਰੰਜਨ ਭੱਟਾਚਾਰੀਆ, ਸਾਬਕਾ
ਪ੍ਰਧਾਨ ਰਜਤ ਗੌਤਮ ਤੋਂ ਇਲਾਵਾ ਸਾਬਕਾ ਐਡਵੋਕੇਟ ਜਨਰਲ ਚੌਧਰੀ ਹਰਭਗਵਾਨ ਤੇ ਮਦਰਾਸ ਤੋਂ
ਸੀਨੀਅਰ ਵਕੀਲ ਚਮਕੀਰਾਜ ਨੇ ਵੀ ਸੰਬੋਧਨ ਕੀਤਾ।