ਕਤਲ ਦੇ ਮਾਮਲੇ 'ਚ ਦੋ ਗ੍ਰਿਫ਼ਤਾਰ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 28 ਸਤੰਬਰ (ਤਰੁਣ ਭਜਨੀ): ਸੈਕਟਰ 38 ਵੈਸਟ ਦੇ ਜੰਗਲ ਵਿਚ 19 ਸਤੰਬਰ ਨੂੰ ਮਿਲੀ ਭੁਪਿੰਦਰ ਸਿੰਘ ਦੀ ਲਾਸ਼ ਦੇ ਮਾਮਲੇ ਵਿਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾ ਦੋਹਾਂ ਨੇ ਹੀ ਭੁਪਿੰਦਰ ਸਿੰਘ ਦੀ ਰਾਡ ਅਤੇ ਲੋਹੇ ਦੀ ਪਾਇਪ ਮਾਰ ਕੇ ਹਤਿਆ ਕੀਤੀ ਸੀ। ਮੁਲਜ਼ਮਾਂ ਦੀ ਪਛਾਣ ਬਿਹਾਰ ਵਾਸੀ ਮੁਨਾ ਰਾਮ ਅਤੇ ਝਾਰਖੰਡ ਵਾਸੀ ਜਾਗਰਣ ਦੇ ਰੂਪ ਵਿਚ ਹੋਈ ਹੈ।
ਐਸ.ਐਸ.ਪੀ. ਨਿਲਾਂਬਰੀ ਵਿਜੇ ਜਗਦਲੇ ਨੇ ਦਸਿਆ ਕਿ ਮ੍ਰਿਤਕ ਅਤੇ ਦੋਵੇਂ ਮੁਲਜ਼ਮ ਸੈਕਟਰ-38 ਸਥਿਤ ਸਪੋਰਟਸ ਕੰਪਲੈਕਸ ਵਿਚ ਉਸਾਰੀ ਜਾ ਰਹੀ ਇਮਾਰਤ ਵਿਚ ਮਜ਼ਦੂਰੀ ਦਾ ਕੰਮ ਕਰਦੇ ਸਨ। ਵਾਰਦਾਤ ਵਾਲੀ ਰਾਤ ਤਿੰਨਾਂ ਨੇ ਪਹਿਲਾਂ ਸ਼ਰਾਬ ਪਿਤੀ ਅਤੇ ਫ਼ਿਰ ਇਨ੍ਹਾਂ ਦੀ ਆਪਸ ਵਿਚ ਲੜਾਈ ਹੋ ਗਈ। ਲੜਾਈ ਵਿਚ ਦੋਵੇਂ ਮੁਲਜ਼ਮ ਭੁਪਿੰਦਰ ਸਿੰਘ ਨਾਲ ਮਾਰ-ਕੁਟਾਈ ਕਰਨ ਲੱਗ ਪਏ। ਭੁਪਿੰਦਰ ਜਦ ਅਪਣੀ ਜਾਨ ਬਚਾ ਕੇ ਭਜਿਆਂ ਤਾਂ ਮੁਲਜ਼ਮਾਂ ਨੇ ਉਸ ਦਾ ਪਿਛਾ ਕੀਤਾ ਅਤੇ ਜੰਗਲ ਵਿਚ ਜਾ ਕੇ ਉਸ ਉਸ ਦੇ ਰਾਡ ਅਤੇ ਲੋਹੇ ਦੀ ਪਾਈਪ ਮਾਰੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਸਨ ਅਤੇ ਜਲੰਧਰ ਵਿਚ ਜਾ ਕੇ ਮਜ਼ਦੂਰੀ ਕਰਨ ਲੱਗ ਪਏ ਸਨ। ਬੁਧਵਾਰ ਰਾਤੀ ਦੋਵੇਂ ਮੁਲਜ਼ਮ ਮੁੜ ਚੰਡੀਗੜ੍ਹ ਅਪਣਾ ਸਮਾਨ ਲੈਣ ਲਈ ਆਏ ਸਨ ਅਤੇ ਮੁੜ ਅਪਣੇ ਮੂਲ ਪਿੰਡ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਸਬੰਧੀ ਸੂਚਨਾ ਮਿਲਣ 'ਤੇ ਪੁਲਿਸ ਨੇ ਰਾਤੀ 9:30 ਦੋਹਾਂ ਨੂੰ ਦੜੂਆ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਦਸਿਆ ਕਿ ਜਾਗਰਣ ਉਸਾਰੀ ਜਾ ਰਹੀ ਇਮਾਰਤ ਵਿਚ ਚੌਕੀਦਾਰ ਦਾ ਕੰਮ ਕਰਦਾ ਹੈ ਜਦਕਿ ਮੁਨਾ ਮਿਸਤਰੀ ਹੈ। ਜ਼ਿਕਰਯੋਗ ਹੈ ਕਿ 19 ਸੰਤਬਰ ਨੂੰ ਮੋਹਾਲੀ ਵਾਸੀ ਭੁਪਿੰਦਰ ਸਿੰਘ ਦੀ ਲਾਸ਼ ਸੈਕਟਰ-38 ਦੇ ਜੰਗਲ ਤੋਂ ਬਰਾਮਦ ਹੋਈ ਸੀ।