ਕੌਮਾਂਤਰੀ ਹਵਾਈ ਅੱਡੇ ਦੀਆਂ 10 ਫ਼ਲਾਈਟਾਂ ਰੱਦ, 13 ਪਛੜੀਆਂ

ਚੰਡੀਗੜ੍ਹ, ਚੰਡੀਗੜ੍ਹ

ਐਸ.ਏ.ਐਸ. ਨਗਰ, 1 ਜਨਵਰੀ (ਕੁਲਦੀਪ ਸਿੰਘ) : ਮੋਹਾਲੀ ਵਿਚ ਅਚਾਨਕ ਤੇਜ਼ੀ ਨਾਲ ਛਾਈ ਧੁੰਦ ਕਾਰਨ ਸਾਲ ਦੇ ਪਹਿਲੇ ਦਿਨ 1 ਜਨਵਰੀ ਨੂੰ ਮੋਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੀਆਂ 10 ਉਡਾਣਾਂ ਰੱਦ ਕਰਨੀਆਂ ਪਈਆਂ ਜਦੋਂ ਕਿ 13 ਹੋਰ ਫਲਾਈਟਾਂ ਲੇਟ ਹੋਈਆਂ। ਜ਼ਾਹਰ ਤੌਰ 'ਤੇ ਇਸ ਕਾਰਨ ਵੱਖ ਵੱਖ ਥਾਵਾਂ 'ਤੇ ਜਾਣ ਵਾਲੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਇਸ ਸਬੰਧੀ ਹਵਾਈ ਅੱਡੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਵੇਰੇ ਵੇਲੇ ਤਾਂ ਧੁੰਦ ਕਾਰਨ ਦਿਖਾਈ ਦੇਣਾ ਹੀ ਮੁਸ਼ਕਿਲ ਸੀ ਜਿਸਨੂੰ ਜ਼ੀਰੋ ਵਿਜ਼ੀਬਿਲਟੀ ਕਿਹਾ ਜਾਂਦਾ ਹੈ। ਹਾਲਾਤ ਵਿਚ ਦੁਪਹਿਰ ਵੇਲੇ ਕੁਝ ਸੁਧਾਰ ਹੋਇਆ ਸੀ ਜਿਸ ਤੋਂ ਬਾਅਦ ਦੁਪਹਿਰ ਸਵਾ ਇਕ ਵਜੇ ਇਕ ਫਲਾਈਟ ਉਤਰੀ ਜਿਸਨੇ ਸਵੇਰੇ 7.30 ਵਜੇ ਇੱਥੇ ਪੁੱਜਣਾ ਸੀ।ਇਹੀ ਨਹੀਂ, ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਰਜਾਹ ਅਤੇ ਦੁਬਈ ਦੀਆਂ ਫਲਾਈਟਾਂ ਵੀ ਇੱਥੇ ਦੇਰ ਨਾਲ ਉੱਡੀਆਂ ਅਤੇ ਪੁੱਜੀਆਂ।

 ਸ਼ਾਰਜਾਹ ਤੋਂ ਭਾਰਤ ਪੁੱਜਣ ਵਾਲੀ ਏਅਰ ਇੰਡੀਆ ਦੀ ਫਲਾਈਟ 21 ਮਿਨਟ ਦੀ ਦੇਰੀ ਨਾਲ ਪੁੱਜੀ ਅਤੇ ਇਸ ਕਾਰਨ ਇੱਥੋਂ 46 ਮਿਨਟ ਦੀ ਦੇਰੀ ਨਾਲ ਰਵਾਨਾ ਹੋਈ।  ਇਸੇ ਤਰ੍ਹਾਂ ਇੰਡੀਗੋ ਦੀ ਦੁਬਈ ਫਲਾਈਟ ਦੋ ਘੰਟੇ ਦੀ ਦੇਰੀ ਨਾਲ ਇਥੇ ਪੁੱਜੀ ਜਦੋਂ ਕਿ ਇਥੋਂ ਜਾਣ ਵੇਲੇ ਵੀ 40 ਮਿਨਟ ਲੇਟ ਹੋਈ।ਫਲਾਈਟ ਕੈਂਸਲ ਹੋਣ ਤੇ ਐਸ.ਐਮ.ਐਸ. ਨਾਲ ਦਿਤੀ ਜਾਵੇਗੀ ਜਾਣਕਾਰੀ : ਹਵਾਈ ਅੱਡੇ ਦੇ ਬੁਲਾਰੇ ਨੇ ਦੱਸਿਆ ਕਿ ਜਿਨ੍ਹਾਂ ਯਾਤਰੀਆਂ ਵਲੋਂ ਟਿਕਟ ਬੁਕ ਕਰਵਾਉਣ ਵੇਲੇ ਆਪਣਾ ਮੋਬਾਈਲ ਨੰਬਰ ਦਿਤਾ ਗਿਆ ਹੋਵੇਗਾ, ਫਲਾਈਟ ਰੱਦ ਹੋਣ ਜਾਂ ਲੇਟ ਹੋਣ ਦੀ ਸੂਰਤ ਵਿਚ ਉਨ੍ਹਾਂ ਨੂੰ ਬਾਕਾਇਦਾ ਤੌਰ 'ਤੇ ਐਸ.ਐਮ.ਐਸ. ਭੇਜ ਕੇ ਇਸਦੀ ਜਾਣਕਾਰੀ ਦਿਤੀ ਜਾਵੇਗੀ। ਵੱਖ-ਵੱਖ ਏਅਰਲਾਈਨਾਂ ਨੇ ਟਿਕਟ ਬੁਕਿੰਗ ਵੇਲੇ ਅਪਣਾ ਫੋਨ ਨੰਬਰ ਲਿਖਣ ਦੀ ਅਡਵਾਈਜ਼ਰੀ ਵੀ ਜਾਰੀ ਕੀਤੀ ਹੈ।