ਕੌਂਸਲਰ ਦੇ ਪਤੀ ਦਲਜੀਤ ਸਿੰਘ ਪਿੰਛੀ ਦਾ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਸਕਾਰ

ਚੰਡੀਗੜ੍ਹ, ਚੰਡੀਗੜ੍ਹ


ਬਨੂੜ, 8 ਸਤੰਬਰ (ਅਵਤਾਰ ਸਿੰਘ): ਕੌਂਸਲਰ ਦੇ ਪਤੀ ਮ੍ਰਿਤਕ ਦਲਜੀਤ ਸਿੰਘ ਪਿੰਛੀ ਦਾ ਅੱਜ ਵਾਰਡ ਨੰ: 7 ਦੇ ਸਮਸ਼ਾਨਘਾਟ ਵਿਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਸਕਾਰ ਕਰ ਦਿਤਾ ਹੈ। ਉਸ ਦੇ ਛੇ ਸਾਲਾ ਪੁੱਤਰ ਅ੍ਰਸ਼ਪ੍ਰੀਤ ਨੇ ਉਸ ਦੀ ਚਿਤਾ ਨੂੰ ਅਗਨੀ ਵਿਖਾਈ। ਇਸ ਮੌਕੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼, ਸੀ.ਪੀ.ਐਮ. ਦੇ ਜ਼ਿਲ੍ਹਾ ਸਕੱਤਰ ਗੁਰਦਰਸ਼ਨ ਸਿੰਘ ਖ਼ਾਸਪੁਰ, ਚੌਧਰੀ ਮਹੁੰਮਦ ਸਦੀਕ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਕੁਲਵਿੰਦਰ ਸਿੰਘ ਭੋਲਾ, ਬਲਾਕ ਕਾਂਗਰਸ ਦੇ ਪ੍ਰਧਾਨ ਨੈਬ ਸਿੰਘ ਮਨੌਲੀ ਸੂਰਤ, ਅਕਾਲੀ ਆਗੂ ਜਸਵਿੰਦਰ ਸਿੰਘ, ਜਗਤਾਰ ਸਿੰਘ ਕਨੌੜ ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂਆਂ ਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।

ਜ਼ਿਕਰਯੋਗ ਹੈ, ਕਿ ਦਲਜੀਤ ਸਿੰਘ ਪਿੰਛੀ ਦਾ ਬੁੱਧਵਾਰ ਦੀ ਦੇਰ ਸਾਂਮ ਨੂੰ ਕਾਰ ਸਵਾਰ ਅਣਪਛਾਤੇ ਵਿਆਕਤੀਆ ਵੱਲੋਂ ਕਾਤਲ ਕਰ ਦਿੱਤਾ ਗਿਆ ਸੀ। ਘਟਨਾ ਵਿਚ ਵਰਤੀ ਗਈ ਕਾਰ ਪਿੰਡ ਅਮਲਾਲਾ ਤੋਂ ਮਿਲ ਗਈ ਸੀ ਤੇ ਇਸ ਮਾਮਲੇ ਮ੍ਰਿਤਕ ਦਲਜੀਤ ਸਿੰਘ ਭਤੀਜੇ ਲਵਜੋਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕੌਂਸਲ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਸਮੇਤ ਛੇ ਜਣਿਆਂ ਵਿਰੁਧ ਮਾਮਲਾ ਦਰਜ ਕੀਤਾ ਹੈ। ਇਸ ਤੋਂ ਇਲਾਵਾ ਚਾਰ ਅਣਪਛਾਤੇ ਵਿਆਕਤੀਆਂ ਵਿਰੁਧ ਮੁਕੱਦਮਾ ਦਰਜ ਕੀਤਾ ਸੀ ਜਿਨ੍ਹਾਂ ਵਿਚ ਬਨੂੜ ਦੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮ੍ਰਿਤਕ ਦੇ ਸਸਕਾਰ ਮੌਕੇ ਡੀ.ਐਸ.ਪੀ. ਰਾਜਪੁਰਾ ਕ੍ਰਿਸ਼ਨ ਕੁਮਾਰ ਪੈਂਥੇ ਦੀ ਦੇਖਰੇਖ ਹੇਠ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਜਿਨਾਂ ਵਿਚ ਅਗਵਾਈ ਤਿੰਨ ਇਨਸਪੈਕਟਰ ਕਰ ਰਹੇ ਸਨ। ਇਸ ਮੋਕੇ ਡੀਐਸਪੀ ਨੇ ਦੱਸਿਆ ਕਿ ਕਾਤਲ ਦੀ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਤਲਾ ਤਕ ਪਹੁੰਚਣ ਲਈ ਦਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਬਨੂੜ ਵਿੱਚ ਵਾਪਰੀ ਪਹਿਲੀ ਘਟਨਾਵਾਂ ਨਾਲ ਸਬੰਧਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵੀ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨਾਂ ਦਸਿਆ ਕਿ ਮ੍ਰਿਤਕ ਦੇ ਸਰੀਰ ਵਿਚੋਂ ਛੇ ਗੋਲੀਆਂ ਨਿਕਲੀਆਂ ਹਨ, ਜਦਕਿ ਸਰੀਰ 'ਤੇ ਗੋਲੀਆਂ ਦੇ ਹੋਰ ਵੀ ਨਿਸ਼ਾਨ ਸਨ। ਘਟਨਾ ਵਿਚ 7.62 ਪਿਸਟਲ ਵਰਤੀ ਹੋਈ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਕ ਹੋਰ ਮੁਲਜ਼ਮ ਵੀ ਪੁਲਿਸ ਦੇ ਸੰਪਰਕ ਵਿਚ ਦਸਿਆ ਜਾ ਰਿਹਾ ਹੈ।

ਦਲਜੀਤ ਸਿੰਘ ਪਿੰਛੀ ਸਮਾਜਕ ਖੇਤਰ ਵਿਚ ਚੰਗੀ ਪਛਾਣ ਰੱਖਦਾ ਸੀ ਤੇ ਡੂੰਘੇ ਟਿਊਬਵੈੱਲਾਂ ਵਿਚ ਚੰਗੀ ਮੁਹਾਰਤ ਰਖਦਾ ਸੀ ਅਤੇ ਉਹ ਸਫ਼ਲ ਬਿਜ਼ਨਸਮੈਨ ਸੀ। ਉਸ ਦੀ ਪਤਨੀ ਪ੍ਰੀਤੀ ਵਾਲੀਆ ਮੌਜੂਦਾ ਕੌਂਸਲਰ ਹੈ ਅਤੇ ਇਸ ਤੋਂ ਪਹਿਲਾ ਉਸ ਦੀ ਭਰਜਾਈ ਰਮਨ ਵਾਲੀਆ ਤੇ ਪਿਤਾ ਸਵਰਗੀ ਕਾਮਰੇਡ ਰਾਜਿੰਦਰ ਸਿੰਘ ਰਾਜ ਵੀ ਕੌਂਸਲਰ ਰਹਿ ਚੁੱਕਾ ਹੈ।