ਕੇਜਰੀਵਾਲ ਨੂੰ ਪੰਜਾਬੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ : ਗੁਰਪ੍ਰੀਤ ਘੁੱਗੀ

ਚੰਡੀਗੜ੍ਹ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਡਰੱਗ ਮਾਮਲੇ ਸਬੰਧੀ ਮਜੀਠੀਆ ਤੋਂ ਮੁਆਫ਼ੀ ਮੰਗਣ ਤੋਂ ਬਾਅਦ ਪੰਜਾਬ ਦੇ ਸਾਬਕਾ ਕਨਵੀਨਰ ਅਤੇ ਫ਼ਿਲਮੀ ਹਸਤੀ ਗੁਰਪ੍ਰੀਤ ਘੁੱਗੀ ਦਾ ਵੀ ਪਾਰਾ ਚੜ੍ਹ ਗਿਆ ਹੈ। ਉਨ੍ਹਾਂ ਨੇ ਅਪਣਾ ਗੁੱਸਾ ਕੇਜਰੀਵਾਲ 'ਤੇ ਉਤਾਰਦਿਆਂ ਕਿਹਾ ਹੈ ਕਿ ਕੇਜਰੀਵਾਲ ਨੂੰ ਪੰਜਾਬੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵਲੋਂ ਮਜੀਠੀਆ ਕੋਲੋਂ ਮੁਆਫ਼ੀ ਮੰਗਣ 'ਤੇ ਇਹ ਗੱਲ ਸਾਫ ਹੋ ਗਈ ਹੈ ਕਿ ਉਨ੍ਹਾਂ ਨੇ ਵੋਟ ਦੀ ਰਾਜਨੀਤੀ ਲਈ ਸਾਰੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ, ਇਸ ਲਈ ਉਨ੍ਹਾਂ ਨੂੰ ਸਿਆਸਤ ਤੋਂ ਸੰਨਿਆਸ ਲੈ ਲੈਣਾ ਚਾਹੀਦਾ ਹੈ।


ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਪੰਜਾਬ 'ਚ ਨਸ਼ਿਆਂ ਦਾ ਮੁੱਦਾ ਉਭਾਰਨ ਲਈ ਪਾਰਟੀ ਦੇ ਹਜ਼ਾਰਾਂ ਵਾਲੰਟੀਅਰਾਂ ਦੀ ਦੁਰਵਰਤੋਂ ਕੀਤੀ ਹੈ, ਇਸ ਲਈ ਉਨ੍ਹਾਂ ਨੂੰ ਪੰਜਾਬ ਦੀ ਲੀਡਰਸ਼ਿਪ ਸਮੇਤ ਸਾਰੇ ਵਾਲੰਟੀਅਰਾਂ ਤੋਂ ਵੀ ਮੁਆਫ਼ੀ ਮੰਗਣੀ ਚਾਹੀਦੀ ਹੈ। ਗੁਰਪ੍ਰੀਤ ਘੁੱਗੀ ਨੇ ਕਿਹਾ ਹੈ ਕਿ ਕੇਜਰੀਵਾਲ ਨੇ ਮੁਆਫ਼ੀ ਮੰਗ ਕੇ ਸਾਫ ਕਰ ਦਿਤਾ ਹੈ ਕਿ ਉਹ ਝੂਠ ਦੀ ਸਿਆਸਤ ਕਰ ਕੇ ਜਨਤਾ ਨਾਲ ਠਗੀ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਲਈ ਪੰਜਾਬ ਦੇ ਲੋਕ ਕੇਜਰੀਵਾਲ ਨੂੰ ਕਦੇ ਮੁਆਫ਼ ਨਹੀਂ ਕਰਨਗੇ।


ਇਸ ਤੋਂ ਇਲਾਵਾ ਅਾਪ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਵਲੋਂ ਵੀ ਕੇਜਰੀਵਾਲ ਦੇ ਮੁਆਫ਼ੀ ਮੰਗਣ ਤੋਂ ਬਾਅਦ ਆਪ ਪੰਜਾਬ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿਤਾ ਹੈ। ਭਗਵੰਤ ਮਾਨ ਵਲੋਂ ਅਪਣੀ ਫ਼ੇਸਬੁੱਕ ਆਈ.ਡੀ 'ਤੇ ਪੋਸਟ ਪਾ ਕੇ ਇਸ ਦਾ ਜਿਕਰ ਕੀਤਾ ਹੈ। ਉਨ੍ਹਾਂ ਅਪਣੀ ਫ਼ੇਸਬੁੱਕ ਆਈ.ਡੀ 'ਤੇ ਲਿਖਿਆ..."ਮੈਂ ਆਮ ਆਦਮੀ ਪਾਰਟੀ ਪੰਜਾਬ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹਾਂ...ਪੰਜਾਬ 'ਚ ਡਰੱਗ ਮਾਫ਼ੀਆ ਅਤੇ ਲੋਕਾਂ ਨਾਲ ਹੋ ਰਹੀ ਹਰ ਕਿਸਮ ਦੀ ਧੱਕੇਸ਼ਾਹੀ ਖ਼ਿਲਾਫ਼ ਮੇਰੀ ਜੰਗ ਜਾਰੀ ਰਹੇਗੀ...ਪਰ ਇਕ ਸੱਚਾ ਪੰਜਾਬੀ ਹੋਣ ਦੇ ਨਾਤੇ"।