ਚੰਡੀਗੜ੍ਹ, 1 ਮਾਰਚ (ਸਰਬਜੀਤ ਢਿੱਲੋਂ): ਚੰਡੀਗੜ੍ਹ ਮਿਊਂਸਪਲ ਕਾਰਪੋਰੇਸ਼ਨ ਦੇ ਮੇਅਰ ਦਿਵੇਸ਼ ਮੋਦਗਿਲ ਹੁਣ ਕੇਂਦਰ 'ਚ ਅਪਣੀ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਥਾਂ ਚੰਡੀਗੜ੍ਹ ਦੇ ਦੌਰੇ 'ਤੇ ਆਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਗੇ ਹੀ ਕੇਂਦਰ ਸਰਕਾਰ ਕੋਲੋਂ ਸ਼ਹਿਰ ਦੇ ਵਿਕਾਸ ਲਈ ਵਾਧੂ ਫ਼ੰਡ ਦੇਣ ਲਈ ਹਾੜੇ ਕੱਢਣ ਲੱਗ ਪਏ। ਸੂਤਰਾਂ ਅਨੁਸਾਰ ਮੇਅਰ ਮੋਦਗਿਲ ਨੇ ਰਾਸ਼ਟਰਪਤੀ ਕੋਲੋਂ ਚੌਥੇ ਦਿੱਲੀ ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ 17.5 ਫ਼ੀ ਸਦੀ ਟੈਕਸਾਂ ਦਾ ਹਿੱਸਾ ਦੇਣ ਦੀ ਮੰਗ ਰੱਖ ਦਿਤੀ। ਮੇਅਰ ਵਲੋਂ 27 ਫ਼ਰਵਰੀ ਨੂੰ ਰਾਜ ਭਵਨ 'ਚ ਚੰਡੀਗੜ੍ਹ ਦੇ
ਦੌਰੇ 'ਤੇ ਆਏ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪਿਆ ਹੈ। ਮੇਅਰ ਅਨੁਸਾਰ ਉਨ੍ਹਾਂ ਰਾਸ਼ਟਰਪਤੀ ਨੂੰ ਦਸਿਆ ਕਿ ਚੰਡੀਗੜ੍ਹ ਨਗਰ ਨਿਗਮ ਸ਼ਹਿਰ ਦੇ 1800 ਦੇ ਕਰੀਬ ਗਰੀਨ ਪਾਰਕਾਂ ਦਾ ਰੱਖ-ਰਖਾਉ ਕਰਦਾ ਹੈ ਅਤੇ ਸ਼ਹਿਰ ਵਾਸੀਆਂ ਲਈ ਨਵੇਂ ਜਿੰਮ ਵੀ ਖੋਲ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਮਿਊਂਸਪਲ ਕਾਰਪੋਰੇਸ਼ਨ ਹਰ 200 ਕਿਲੋਮੀਟਰ ਸੜਕ ਦੀ 100 ਕਰੋੜ ਰੁਪਏ ਤੋਂ ਵੱਧ ਰਕਮ ਨਾਲ ਹੀ ਕਾਰਪੇਟਿੰਗ ਵੀ ਕਰਦਾ ਆ ਰਿਹਾ ਹੈ। ਉਨ੍ਹਾਂ ਮਿਊਂਸਪਲ ਕਾਰਪੋਰੇਸ਼ਨ ਦੀਆਂ ਕਈ ਹੋਰ ਪ੍ਰਾਪਤੀਆਂ ਗਿਣਾਈਆਂ। ਮੇਅਰ ਨੇ ਕਿਹਾ ਕਿ ਉਨ੍ਹਾਂ ਦੀਆਂ ਵਿੱਤੀ ਮੰਗਾਂ ਵਲ ਰਾਸ਼ਟਰਪਤੀ ਨੇ ਉਚੇਚਾ ਧਿਆਨ ਦੇਣ ਦਾ ਭਰੋਸਾ ਦਿਤਾ ਹੈ।