ਖਰੜ ਅਨਾਜ ਮੰਡੀ ਨੇੜੇ ਸ਼ਰਾਬ ਦੇ ਠੇਕੇ 'ਤੇ ਲੁੱਟ

ਚੰਡੀਗੜ੍ਹ, ਚੰਡੀਗੜ੍ਹ

ਖਰੜ, 16 ਸਤੰਬਰ (ਨਾਗਪਾਲ): ਅਨਾਜ ਮੰਡੀ ਖਰੜ ਲਾਗੇ ਇਕ ਸ਼ਰਾਬ ਦੇ ਠੇਕੇ 'ਤੇ ਪਿਸਤੌਲ ਦੀ ਨੋਕ 'ਤੇ ਤਿੰਨ ਨੌਜਵਾਨ ਠੇਕੇ 'ਚ ਪਏ ਕਰੀਬ 84 ਹਜ਼ਾਰ ਰੁਪਏ ਅਤੇ ਦੋ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ। ਇਸ ਸੰਬੰਧੀ ਠੇਕੇ ਦੇ ਕਾਰਿੰਦੇ ਬਲਬੀਰ ਚੰਦ ਵਾਸੀ ਪਿੰਡ ਬਹਿਲ ਹਿਮਾਚਲ ਪ੍ਰਦੇਸ਼ ਨੇ ਦਸਿਆ ਕਿ ਉਹ ਬੀਤੀ ਰਾਤ ਠੇਕੇ 'ਤੇ ਕਰਮ ਚੰਦ ਨਾਲ ਮੌਜੂਦ ਸੀ।
ਇਸ ਦੌਰਾਨ ਤਿੰਨ ਨੌਜਵਾਨ ਅੰਦਰ ਦਾਖ਼ਲ ਹੋਏ ਜਿਨ੍ਹਾਂ 'ਚੋਂ ਇਕ ਨੇ ਪਿਸਤੌਲ ਕੱਢ ਲਈ ਅਤੇ ਸਾਰੀ ਨਕਦੀ ਕੱਢਣ ਲਈ ਕਿਹਾ ਅਤੇ ਜਾਨ ਤੋਂ ਮਾਰਨ ਦੀ ਧਮਕੀਆਂ ਦਿਤੀਆਂ। ਲੁਟੇਰਿਆਂ ਨੇ ਠੇਕੇ 'ਚ ਰੱਖੇ 77 ਹਜ਼ਾਰ ਰੁਪਏ ਅਤੇ ਗੱਲੇ 'ਚ ਪਏ ਕਰੀਬ 7000 ਰੁਪਏ ਖੋਹ ਲਏ ਅਤੇ ਜਾਣ ਵੇਲੇ ਉਨ੍ਹਾਂ ਦੋਵਾਂ ਦੇ ਮੋਬਾਈਲ ਵੀ ਲੈ ਗਏ। ਉਨ੍ਹਾਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ। ਡੀਐਸਪੀ ਖਰੜ ਦੀਪ ਕਮਲ ਅਤੇ ਥਾਣਾ ਸਿਟੀ ਮੁਖੀ ਰਾਜੇਸ਼ ਹਮਤੀਰ ਪੁਲਿਸ ਟੀਮ ਸਣੇ ਮੌਕੇ 'ਤੇ ਪੁੱਜ ਗਏ ਅਤੇ ਤਫ਼ਤੀਸ਼ ਸ਼ੁਰੂ ਕਰ ਦਿਤੀ। ਪੁਲਿਸ ਨੇ ਇਸ ਸੰਬੰਧ 'ਚ ਠੇਕੇ ਦੀ ਸੀਸੀਟੀਵੀ ਫ਼ੁਟੇਜ ਅਪਣੇ ਕਬਜ਼ੇ 'ਚ ਲੈਕੇ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਨੇ ਹਿਸ ਮਾਮਲੇ 'ਚ ਤਿੰਨ ਅਣਪਛਾਤੇ ਨੌਜਵਾਨਾਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ।