ਖੁਸ਼ਖ਼ਬਰੀ! ਚੰਡੀਗੜ ਤੋਂ ਬੈਂਕਾਕ ਲਈ ਸਿੱਧੀ ਉਡਾਣ 29 ਅਕਤੂਬਰ ਤੋਂ

ਚੰਡੀਗੜ੍ਹ

ਚੰਡੀਗੜ੍ਹ: ਹੁਣ ਤੁਸੀਂ ਬੈਂਕਾਕ ਜਾਣ ਲਈ ਸਰਕਾਰੀ ਜਹਾਜ਼ 'ਚ ਚੰਡੀਗੜ੍ਹ ਤੋਂ ਉਡਾਣ ਭਰ ਸਕੋਗੇ। ਸ਼ੁੱਕਰਵਾਰ ਨੂੰ ਦੇਸ਼ ਦੀ ਸਰਕਾਰੀ ਜਹਾਜ਼ ਕੰਪਨੀ ਨੇ ਚੰਡੀਗੜ੍ਹ ਤੋਂ ਬੈਂਕਾਕ ਦੀ ਪਹਿਲੀ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਤਹਿਤ 11 ਦਸੰਬਰ ਨੂੰ ਏਅਰ ਇੰਡੀਆ ਦੀ ਉਡਾਣ ਚੰਡੀਗੜ੍ਹ ਤੋਂ ਬੈਂਕਾਕ ਲਈ ਰਵਾਨਾ ਹੋਵੇਗੀ। ਜਾਣਕਾਰੀ ਮੁਤਾਬਕ, 11 ਦਸੰਬਰ ਨੂੰ ਚੰਡੀਗੜ੍ਹ ਹਵਾਈ ਅੱਡੇ 'ਤੇ ਸਵੇਰੇ 9.20 ਵਜੇ ਏਅਰ ਇੰਡੀਆ ਦਾ ਜਹਾਜ਼ ਉਤਰੇਗਾ ਅਤੇ ਉਸੇ ਦਿਨ ਇਹ ਜਹਾਜ਼ ਦੁਪਹਿਰ 2 ਵਜੇ ਬੈਂਕਾਕ ਲਈ ਰਵਾਨਾ ਹੋ ਜਾਵੇਗਾ। ਇਹ ਉਡਾਣ ਰਾਤ 8.15 ਵਜੇ ਬੈਂਕਾਕ ਪਹੁੰਚੇਗੀ। ਇਸ ਉਡਾਣ ਦੇ ਰਾਊਂਡ ਟ੍ਰਿਪ ਦਾ ਉਦਘਾਟਨੀ ਕਿਰਾਇਆ ਤਕਰੀਬਨ 22,000 ਰੁਪਏ ਹੋਵੇਗਾ।

ਇੱਕ ਅਧਿਕਾਰੀ ਮੁਤਾਬਕ, ਚੰਡੀਗੜ੍ਹ-ਬੈਂਕਾਕ ਵਿਚਕਾਰ ਉਡਾਣ ਹਫਤੇ ਦੇ ਤਿੰਨ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਉਪਲੱਬਧ ਹੋਵੇਗੀ। ਇਹ ਉਡਾਣ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਦੁਪਹਿਰ 2 ਵਜੇ ਰਵਾਨਾ ਹੋਵੇਗੀ ਅਤੇ ਬੈਂਕਾਕ ਦੇ ਸੁਵਰਣਭੂਮੀ ਹਵਾਈ ਅੱਡੇ 'ਤੇ ਰਾਤ 8.15 ਵਜੇ (ਬੈਂਕਾਕ ਲੋਕਲ ਟਾਈਮ) ਪਹੁੰਚੇਗੀ। ਬੈਂਕਾਕ ਦਾ ਲੋਕਲ ਟਾਈਮ ਭਾਰਤ ਤੋਂ 1 ਘੰਟਾ 30 ਮਿੰਟ ਅੱਗੇ ਹੈ। ਉੱਥੇ ਹੀ, ਬੈਂਕਾਕ ਤੋਂ ਚੰਡੀਗੜ੍ਹ ਆਉਣ ਵਾਲੀ ਉਡਾਣ ਬੈਂਕਾਕ ਦੇ ਸਮੇਂ ਮੁਤਾਬਕ ਸਵੇਰੇ 5.40 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 9.20 ਵਜੇ ਇੱਥੇ ਪਹੁੰਚੇਗੀ।

ਏਅਰ ਇੰਡੀਆ ਨੇ ਪਹਿਲਾਂ ਇਹ ਉਡਾਣ ਪਿਛਲੇ ਸਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ, ਜਿਸ ਨੂੰ ਬਾਅਦ 'ਚ ਇਸ ਸਾਲ ਅਪ੍ਰੈਲ ਤੱਕ ਵਧਾ ਦਿੱਤਾ ਗਿਆ। ਇਸ ਤੋਂ ਬਾਅਦ ਏਅਰ ਇੰਡੀਆ ਨੇ ਇਸ ਨੂੰ ਦੋ ਵਾਰ ਹੋਰ ਮੁਲਤਵੀ ਕੀਤਾ ਸੀ। ਚੰਡੀਗੜ੍ਹ ਤੋਂ ਇਹ ਤੀਜੀ ਕੌਮਾਂਤਰੀ ਉਡਾਣ ਹੋਵੇਗੀ। ਮੌਜੂਦਾ ਸਮੇਂ ਇੰਡੀਗੋ ਦੀ ਚੰਡੀਗੜ੍ਹ-ਦੁਬਈ ਅਤੇ ਏਅਰ ਇੰਡੀਆ ਐਕਸਪ੍ਰੈਸ ਦੀ ਚੰਡੀਗੜ੍ਹ-ਸ਼ਾਰਜਾਹ ਦੋ ਕੌਮਾਂਤਰੀ ਉਡਾਣਾਂ ਚੰਡੀਗੜ੍ਹ ਤੋਂ ਉਪਲੱਬਧ ਹਨ।