ਐਸ.ਏ.ਐਸ.ਨਗਰ, 30 ਅਗਸਤ (ਗੁਰਮੁਖ ਵਾਲੀਆ) :
ਮੰਗਲਵਾਰ ਸ਼ਾਮ ਆਪਣੇ ਆਪ ਨੂੰ ਕ੍ਰਾਈਮ ਬ੍ਰਾਂਚ ਦਾ ਇੰਸਪੈਕਟਰ ਦੱਸ ਕੇ ਲੜਕਾ-ਲੜਕੀ ਵੱਲੋਂ
ਨਸ਼ੇ ਦੇ ਸੌਦਾਗਰਾਂ ਨਾਲ ਸੌਦੇਬਾਜੀ ਕਰਨ ਦੇ ਮਾਮਲੇ 'ਚ ਫੜੇ ਗਏ ਲੜਕਾ-ਲੜਕੀ ਖਿਲਾਫ
ਮੋਹਾਲੀ ਫੇਜ਼-11 ਥਾਣਾ ਪੁਲਿਸ ਨੇ ਆਈਪੀਸੀ ਦੀ ਧਾਰਾ 419, 384, 170, 34 'ਤੇ
ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਜੀਰਕਪੁਰ ਵਾਸੀ
ਡਿੰਪਲ 'ਤੇ ਹਰਜੀਤ ਸਿੰਘ ਵਾਸੀ ਭਬਾਤ ਵੱਜੋਂ ਹੋਈ ਹੈ। ਪੁਲਿਸ ਜਾਂਚ 'ਚ ਇਹ ਗੱਲ
ਸਾਮ੍ਹਣੇ ਆਈ ਹੈ ਕਿ ਡਿੰਪਲ ਇਕ ਮਾਡਲ ਹੈ ਜੋ ਕਈ ਪੰਜਾਬੀ ਐਲਬਮ 'ਤੇ ਫਿਲਮਾਂ 'ਚ ਸ਼ੂਟਿੰਗ
ਕਰ ਚੁਕੀ ਹੈ। ਪੁਲਿਸ ਨੇ ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਦੋ ਹੋਰ ਨਸ਼ਾ ਤਸਕਰਾਂ ਨੂੰ
ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਬਲਜੀਤ ਸਿੰਘ ਵਾਸੀ ਰੂੜਕਾ 'ਤੇ ਰੋਹਿਤ ਵਾਸੀ
ਫੇਜ਼-11 ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਰੋਹਿਤ ਨਸ਼ਾ ਵੇਚਣ ਦਾ ਕਾਰੋਬਾਰ
ਕਰਦਾ ਹੈ ਜਦੋਂਕਿ ਬਲਜੀਤ ਨਸ਼ਾ ਕਰਨ ਦਾ ਆਦੀ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਇਕ ਕਿਲੋ 120
ਗ੍ਰਾਮ ਭੁੱਕੀ ਵੀ ਬ੍ਰਾਮਦ ਕੀਤੀ ਹੈ। ਪੁਲਿਸ ਨੇ ਉਕਤ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼
ਕੀਤਾ ਜਿੱਥੇ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਹੈ।
ਪੁਲਿਸ ਜਾਂਚ
'ਚ ਇਹ ਗੱਲ ਸਾਮ੍ਹਣੇ ਆਈ ਹੈ ਕਿ ਬਲਜੀਤ ਜੋਕਿ ਨਸ਼ਾ ਵੇਚਦਾ ਹੈ ਦਾ ਰੋਹਿਤ ਨਾਲ 500 ਰੁਪਏ
ਦਾ ਲੈਣਦੇਣ ਸੀ । ਬਲਜੀਤ ਉਕਤ ਮੁਲਜ਼ਮ ਹਰਜੀਤ ਸਿੰਘ ਨੂੰ ਜਾਣਦਾ ਸੀ ਜਿਸ ਨੂੰ ਪਤਾ ਸੀ
ਹਰਜੀਤ ਨੂੰ ਇਕ ਅਜਿਹੀ ਲੜਕੀ ਜਾਣਦੀ ਹੈ ਜੋਕਿ ਕ੍ਰਾਈਮ ਰਿਪੋਰਟਰ ਹੈ। ਬਲਜੀਤ ਨੇ ਹਰਜੀਤ
ਸਿੰਘ 'ਤੇ ਡਿੰਪਲ ਨਾਲ ਮਿਲ ਕੇ ਰੋਹਿਤ ਦੇ ਖਿਲਾਫ ਟਰੈਪ ਲਗਾਇਆ ਜਿਸ ਨੂੰ ਉਹ ਨਸ਼ੇ ਸਮੇਤ
ਗ੍ਰਿਫਤਾਰ ਕਰਵਾਉਣਾ ਚਾਹੁੰਦੀ ਸੀ।
ਦੂਜੇ ਪਾਸੇ ਮਾਮਲੇ 'ਚ ਨਾਮਜਦ ਡਿੰਪਲ ਨੇ ਦੱਸਿਆ
ਕਿ ਉਹ ਇਕ ਨੀਜੀ ਅਖ਼ਬਾਰ ਦੀ ਪੱਤਰਕਾਰ ਹੈ ਅਤੇ ਉਸ ਨੇ ਬਲਜੀਤ 'ਤੇ ਹਰਜੀਤ ਦੇ ਕਹਿਣ 'ਤੇ
ਇਹ ਟਰੈਪ ਲਾਇਆ ਸੀ। ਉਸ ਨੇ ਦੱਸਿਆ ਕਿ ਹਰਜੀਤ ਉਸ ਦਾ ਚੰਗਾ ਦੋਸਤ ਹੈ ਅਤੇ ਬਲਜੀਤ ਨੇ
ਹਰਜੀਤ ਨੂੰ ਇਸ ਕੰਮ ਲਈ ਕਿਹਾ ਸੀ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਮੌਕੇ 'ਤੇ ਗੱਡੀ
ਰੋਕੀ ਤਾਂ ਉਹ ਪੁਲਿਸ ਨੂੰ ਲਗਾਤਾਰ ਫੋਨ ਕਰ ਰਹੀ ਸੀ ਤਾਜੋਂ ਰੋਹਿਤ ਨੂੰ ਮੌਕੇ 'ਤੇ
ਫੜਾਇਆ ਜਾ ਸਕੇ। ਉਸ ਨੇ ਦੱਸਿਆ ਕਿ ਉਸ ਨੇ ਸੌਦੇਬਾਜੀ ਦੀ ਗੱਲ ਇਸ ਲਈ ਕੀਤੀ ਸੀ ਕਿ ਉਹ
ਉਨ੍ਹਾਂ ਨੂੰ ਗੱਲ੍ਹਾਂ 'ਚ ਲਾ ਸਕੇ ਅਤੇ ਉਨ੍ਹਾਂ ਨੂੰ ਕਾਫੀ ਸਮਾਂ ਰੋਕ ਕੇ ਰੱਖ ਸਕੇ
ਤਾਂਜੋ ਪੁਲਿਸ ਮੌਕੇ 'ਤੇ ਪੁਹੰਚ ਕੇ ਉਸ ਨੂੰ ਗ੍ਰਿਫਤਾਰ ਕਰ ਸਕੇ। ਉਸ ਨੇ ਦੱਸਿਆ ਕਿ ਪਰ
ਮੌਕੇ 'ਤੇ ਪੁਲਿਸ ਨੇ ਉਸ ਦਾ ਫੋਨ ਹੀ ਨਹੀਂ ਚੁਕਿਆ।