ਐਸ.ਏ.ਐਸ. ਨਗਰ, 25 ਜਨਵਰੀ (ਪ੍ਰਭਸਿਮਰਨ ਸਿੰਘ ਘੱਗਾ): ਸਾਡਾ ਦੇਸ਼ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਹੈ ਲੋਕਤੰਤਰ ਦੀਆਂ ਜੜ੍ਹਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਾਨੂੰ ਆਪਣੀ ਵੋਟ ਦਾ ਇਸਤੇਮਾਲ ਜਰੂਰ ਕਰਨਾ ਚਾਹੀਦਾ ਹੈ ਅਤੇ ਇਸ ਦੀ ਮਜ਼ਬੂਤੀ ਲਈ ਆਮ ਨਾਗਰਿਕ ਨੂੰ ਸੁਚੇਤ ਹੋਣ ਦੀ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ-ਕਮ- ਵਧੀਕ ਜ਼ਿਲ੍ਹਾ ਚੋਣ ਅਫ਼ਸਰ ਚਰਨਦੇਵ ਸਿੰਘ ਮਾਨ ਨੇ ਐਸ.ਏ.ਐਸ.ਨਗਰ ਸਥਿਤ ਸਰਕਾਰੀ ਕਾਲਜ ਦੇ ਆਡੀਟੋਰੀਅਮ ਵਿਖੇ ਰਾਸ਼ਟਰੀ ਵੋਟਰ ਦਿਵਸ ਮੌਕੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਇਸ ਮੌਕੇ ਵੋਟਰਾਂ ਨੂੰ ਸਹੁੰ ਚੁਕਾਈ ਕਿ ਅਸੀਂ, ''ਲੋਕਤੰਤਰ ਵਿਚ ਪੂਰਨ ਵਿਸ਼ਵਾਸ ਰੱਖਣ ਵਾਲੇ ਭਾਰਤ ਦੇ ਨਾਗਰਿਕ ਆਪਣੇ ਦੇਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਨੂੰ ਕਾਇਮ ਰੱਖਣ, ਸੁਤੰਤਰ, ਵਾਜਬ ਅਤੇ ਸ਼ਾਤੀਪੂਰਨ ਚੋਣਾਂ ਦੀ ਮਾਣ ਮਰਿਆਦਾ ਅਤੇ ਹਰੇਕ ਚੋਣ ਬਿਨਾਂ ਕਿਸੇ ਡਰ ਜਾਂ ਭਾਸ਼ਾ, ਸਮੁਦਾਇ, ਜਾਤ, ਧਰਮ, ਵਰਗ ਜਾਂ ਕਿਸੇ ਦਬਾਓ ਤੋਂ ਵੋਟ ਪਾਉਣ ਦਾ ਪ੍ਰਣ ਕਰਦੇ ਹਾਂ''।
ਇਸ ਮੌਕੇ ਉਨ੍ਹਾਂ ਨਵੇਂ ਬਣੇ ਨੌਜਵਾਨ ਵੋਟਰਾਂ ਨੂੰ ਫੋਟੋ ਵੋਟਰ ਸ਼ਨਾਖਤੀ ਕਾਰਡ ਵੰਡੇ ਅਤੇ ਚੰਗੀ ਕਾਰਗੁਜਾਰੀ ਦਿਖਾਉਣ ਵਾਲੇ ਬੀ.ਐਲ.ਓਜ਼ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਜ਼ਿਲ੍ਹਾ ਪੱਧਰੀ ਕੁਇਜ਼ ਦੇ ਜੇਤੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨੌਲੀ ਦੇ ਵਿਦਿਆਰਥੀਆਂ ਅਰਸਲਾਨ ਮੁਹੰਮਦ ਅਤੇ ਸਾਹਿਲ ਮੁਹੰਮਦ ਦਾ ਵੀ ਸਨਮਾਨ ਕੀਤਾ ਗਿਆ।ਇਸ ਮੌਕੇ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਵੋਟ ਦੇ ਹੱਕ ਦੀ ਵਰਤੋਂ ਕਰਨ ਸਬੰਧੀ ਇਕ ਨਾਟਕ ਵੀ ਪੇਸ਼ ਕੀਤਾ ਗਿਆ। ਕਾਲਜ ਦੇ ਪ੍ਰੋ: ਆਰ.ਸੀ ਕੰਗੋ ਨੇ ਵੋਟਰ ਦਿਵਸ ਤੇ ਆਪਣੇ ਵਿਚਾਰ ਸਾਂਝੇ ਕੀਤੇ । ਸਮਾਗਮ ਵਿਚ ਐਸ.ਡੀ.ਐਮ ਡੇਰਾਬਸੀ ਪਰਮਦੀਪ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਪਾਲਿਕਾ ਆਰੋੜਾ, ਤਹਿਸੀਲਦਾਰ (ਚੋਣਾਂ) ਹਰਦੀਪ ਸਿੰਘ, ਜਗਤਾਰ ਸਿੰਘ, ਰਾਜਪਾਲ ਸਿੰਘ, ਸਮੇਤ ਸਮੂਹ ਬੀ.ਐਲ.ਓਜ਼ ਅਤੇ ਨਵੇਂ ਬਣੇ ਵੋਟਰ ਮੌਜੂਦ ਸਨ।