ਚੰਡੀਗੜ੍ਹ, 9 ਦਸੰਬਰ (ਸਰਬਜੀਤ ਢਿੱਲੋਂ) : ਪ੍ਰਸ਼ਾਸਨ ਦੀ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਸ਼ਹਿਰ 'ਚ ਗ਼ਰੀਬ, ਲੋੜਵੰਦ ਅਤੇ ਅਸਿਖਿਅਤ ਛੋਟੇ ਬੱਚਿਆਂ, ਲੇਬਰ ਆਦਿ ਨੂੰ ਪੇਟ ਭਰ ਖਾਣਾ ਦੇਣ ਅਤੇ ਹੋਰ ਮੁਢਲੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸਾਂਸਦ ਕਿਰਨ ਖੇਰ ਵਲੋਂ 4 ਨਵੇਂ ਬਾਲ ਪ੍ਰੋਟੈਕਸ਼ਨ ਵਾਹਨਾਂ ਨੂੰ ਹਰੀ ਝੰਡੀ ਵਿਖਾ ਕੇ ਅੱਜ ਖਾਣੇ 'ਤੇ ਰਵਾਨਾ ਕੀਤੇ ਗਏ। ਇਹ ਵਾਹਨ ਚੰਡੀਗੜ੍ਹ ਪ੍ਰਸ਼ਾਸਕ ਦੁਆਰਾ ਪਹਿਲਾਂ ਹੀ ਪ੍ਰਦਾਨ 6 ਵਾਹਨਾਂ ਨਾਲ ਬੱਚਿਆਂ ਦੀਆਂ ਸਹੂਲਤਾਂ ਲਈ ਵੰਡੇ ਜਾ ਰਹੇ ਖਾਣੇ ਦੇ ਪੈਕਟਾਂ ਨੂੰ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ 'ਅੰਨਪੂਰਨਾ ਸਕੀਮ' ਤਾਜ਼ਾ ਤੇ ਸਸਤਾ ਖਾਣਾ ਪਹੁੰਚਾਉਣ ਲਈ ਅਤੇ ਹੋਰ ਸਮਾਜਕ ਤੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਚਲਾਏ ਜਾਣਗੇ। ਇਨ੍ਹਾਂ 4 ਨਵੇਂ ਵਾਹਨਾਂ ਲਈ ਸੰਸਦ ਕਿਰਨ ਖੇਰ ਨੇ ਅਪਣੇ ਅਖ਼ਤਿਆਰੀ ਫੰਡ 'ਚੋਂ 14 ਲੱਖ ਰੁਪਏ ਦੀ ਰਕਮ ਰੈਡ ਕਰਾਸ ਸੁਸਾਇਟੀ ਨੂੰ ਭੇਂਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਵਾਹਨ ਮਨੀਮਾਜਰਾ, ਪੀਜੀਆਈ, ਸਬਜ਼ੀ ਮੰਡੀ, ਮੋਟਰ ਮਾਰਕੀਟ 38, 48 ਅਤੇ 11 ਸੈਕਟਰ 'ਚ ਖੜੇ ਹੋਣਗੇ।ਇਸ ਮੌਕੇ ਚੰਡੀਗੜ੍ਹ ਪ੍ਰਸ਼ਾਸ਼ਨ ਦੇ ਏ.ਡੀ.ਸੀ. ਕਮ ਸਕੱਤਰ ਰੈਡ ਕਰਾਸ ਸੁਸਾਇਟੀ ਰਾਜੀਵ ਗੁਪਤਾ ਪੀਸੀਐਸ. ਨੇ ਦਸਿਆ ਕਿ ਇਹ ਨਵੇਂ ਵਾਹਨ ਸੁਸਾਇਟੀ ਦੀ ਸਹਾਇਤਾ ਲਈ ਹੀ ਵਰਤੇ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ 6 ਵਾਹਨ ਪਹਿਲਾਂ ਹੀ ਚਲਾਏ ਜਾ ਰਹੇ ਹਨ, ਇਨ੍ਹਾਂ ਨਵੇਂ ਵਾਹਨਾਂ ਨਾਲ ਹੁਣ ਕੁਲ 10 ਵਾਹਨ ਹੋ ਗਏ ਹਨ। ਇਸ ਮੌਕੇ ਸਾਬਕਾ ਮੇਅਰ ਰਾਜਬਾਲਾ ਮਲਿਕ ਵੀ ਹਾਜ਼ਰ ਸਨ।