ਮਾਮਾ ਨਹੀਂ ਹੈ ਨਵਜੰਮੀ ਬੱਚੀ ਦਾ ਪਿਉ

ਚੰਡੀਗੜ੍ਹ, ਚੰਡੀਗੜ੍ਹ



ਚੰਡੀਗੜ੍ਹ, 12 ਸਤੰਬਰ (ਤਰੁਣ ਭਜਨੀ): 10 ਸਾਲਾ ਬੱਚੀ ਨਾਲ ਬਲਾਤਕਾਰ ਦੇ ਮਾਮਲੇ ਵਿਚ ਗ੍ਰਿਫ਼ਤਾਰ ਪੀੜਤ ਦਾ ਮਾਮਾ ਉੁਸ ਵਲੋਂ ਜਨਮ ਦਿਤੀ ਗਈ ਬੱਚੀ ਦਾ ਪਿਉ ਨਹੀਂ ਹੈ। ਇਸ ਦਾ ਪ੍ਰਗਟਾਵਾ ਸੈਂਟਰਲ ਫੋਰੈਂਸਿਕ ਸਾਇੰਸ ਲੈਬਾਰਟਰੀ (ਸੀ.ਐਫ਼.ਐਸ.ਐਲ) ਵਲੋਂ ਦਿਤੀ ਗਈ ਡੀ.ਐਨ.ਏ. ਰੀਪੋਰਟ ਤੋਂ ਹੋਇਆ ਹੈ। ਜਿਸ ਵਿਚ ਨਵਜੰਮੀ ਬੱਚੀ ਦਾ ਡੀ.ਐਨ.ਏ. ਮੁਲਜ਼ਮ ਨਾਲ ਮੇਲ ਨਹੀਂ ਖਾ ਰਿਹਾ ਹੈ। ਸੀ.ਐਫ਼.ਐਸ.ਐਲ. ਨੇ ਇਹ ਰੀਪੋਰਟ ਅਦਾਲਤ ਵਿਚ ਪੇਸ਼ ਕਰ ਦਿਤੀ ਹੈ। ਮੁਲਜ਼ਮ ਦੇ ਵਕੀਲ ਮਨਜੀਤ ਸਿੰਘ ਨੇ ਮੰਗਲਵਾਰ ਪੱਤਰਕਾਰਾਂ ਨਾਲ ਗਲੱਬਾਤ ਕਰਦਿਆਂ ਦਸਿਆ ਕਿ ਮੁਲਜ਼ਮ ਦਾ ਡੀ.ਐਨ.ਏ. ਨਵਜੰਮੀ ਬੱਚੀ ਨਾਮ ਮੇਲ ਨਹੀਂ ਖਾ ਰਿਹਾ ਹੈ।

ਡੀ.ਐਨ.ਏ. ਰੀਪੋਰਟ ਸਾਹਮਣੇ ਆਉਣ ਤੋਂ ਬਾਅਦ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ ਅਤੇ ਪੁਲਿਸ ਮੁੜ ਮਮਾਲੇ ਦੀ ਡੁੰਘਾਈ ਵਿਚ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖ਼ਰ ਨਵੀਂ ਜਨਮੀ ਬੱਚੀ ਦਾ ਪਿਤਾ ਕੋਣ ਹੈ।

ਬੀਤੇ ਜੁਲਾਈ ਮਹੀਨੇ ਵਿਚ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਰੇ ਦੇਸ਼ ਵਿਚ ਸੁਰਖ਼ੀਆਂ ਵਿਚ ਰਿਹਾ ਹੈ। 10 ਸਾਲਾ ਪੀੜਤ ਬੱਚੀ 30 ਹਫ਼ਤੇ ਦੀ ਗਰਭਵਤੀ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਕ ਮੈਡੀਕਲ ਬੋਰਡ ਦਾ ਗਠਨ ਕੀਤਾ ਸੀ ਅਤੇ ਡਾਕਟਰਾਂ ਤੋਂ ਬੱਚੀ ਦੇ ਗਰਭਪਾਤ ਕਰਨ ਵਾਰੇ ਪੁੱਛਿਆ ਗਿਆ ਸੀ। ਮੈਡੀਕਲ ਬੋਰਡ ਨੇ ਗਰਭਪਾਤ ਨਾਲ ਬੱਚੀ ਦੀ ਜਾਨ ਨੂੰ ਖ਼ਤਰਾ ਹੋਣ ਵਾਰੇ ਸੁਪਰੀਮ ਕੋਰਟ ਨੂੰ ਦਸਿਆ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਬੱਚੀ ਦਾ ਸੁਰੱਖ਼ਿਅਤ ਜਣੇਪਾ ਕਰਨ ਲਈ ਪੀ ਜੀ ਆਈ ਦੇ ਡਾਕਟਰਾਂ ਨੂੰ ਆਦੇਸ਼ ਦਿਤੇ ਸਨ।


17 ਅਗੱਸਤ ਨੂੰ ਸੈਕਟਰ 32 ਦੇ ਸਰਕਾਰੀ ਮੈਡੀਕਲ ਕਾਲਜ਼ ਅਤੇ ਹਸਪਤਾਲ ਵਿਚ ਪੀੜਤ ਬੱਚੀ ਨੇ ਇਕ ਬੱਚੀ ਨੂੰ ਜਨਮ ਦਿਤਾ ਸੀ। ਹਾਲ ਹੀ ਵਿਚ ਅਦਾਲਤ ਨੇ ਪੀੜਤ ਪਰਵਾਰ ਨੂੰ ਇਕ ਲੱਖ ਰੁਪਏ ਅੰਤਰਮ ਰਾਹਤ ਦੇ ਰੂਪ ਵਿਚ ਦੇਣ ਦੇ ਆਦੇਸ਼ ਦਿਤੇ ਸਨ। ਇਸ ਤੋਂ ਇਲਾਵਾ ਨਵਜੰਮੀ ਬੱਚੀ ਦੀ ਦੇਖਰੇਖ ਦਾ ਜ਼ਿੰਮਾ ਚੰਡੀਗੜ੍ਹ ਪ੍ਰਸ਼ਾਸਨ ਦੇ ਸਮਾਜ ਭਲਾਈ ਵਿਭਾਗ ਨੂੰ ਸੌਂਪਿਆ ਗਿਆ ਹੈ।

ਦੂਜੇ ਪਾਸੇ ਫ਼ਿਲਹਾਲ ਪੁਲਿਸ ਅਧਿਕਾਰੀ ਇਸ ਮਾਮਲੇ ਵਿਚ ਕੁੱਝ ਵੀ ਕਹਿਣਾ ਨਹੀ ਚਾਹੁੰਦੇ ਹਨ। ਐਸ.ਐਸ.ਪੀ. ਨਿਲੰਬਰੀ ਜਗਦਲੇ ਨੇ ਦਸਿਆ ਕਿ ਮਾਮਲੇ ਦੀ ਜਾਂਚ ਹਾਲੇ ਚੱਲ ਰਹੀ ਹੈ। ਇਸ ਲਈ ਉਹ ਫਿਲਹਾਲ ਕਿਸੇ ਵੀ ਤਰਾਂ ਦਾ ਬਿਆਨ ਨਹੀਂ ਦੇ ਸਕਦੇ।