ਮਨੁੱਖੀ ਖ਼ੁਸ਼ਹਾਲੀ ਦੇ ਲਿਹਾਜ਼ ਨਾਲ ਦੁਨੀਆਂ ਦੇ 188 ਦੇਸ਼ਾਂ 'ਚੋਂ ਭਾਰਤ 143ਵੇਂ ਨੰਬਰ 'ਤੇ

ਚੰਡੀਗੜ੍ਹ



ਚੰਡੀਗੜ੍ਹ,  18ਸਤੰਬਰ  (ਬਠਲਾਣਾ) : ਪੰਜਾਬ ਯੂਨੀਵਰਸਟੀ ਦੇ ਮਨੋਵਿਗਿਆਨਕ ਵਿਭਾਗ ਵਲੋਂ ਅੱਜ ਚੌਥੀ ਕੌਮਾਂਤਰੀ ਅਤੇ 6ਵੀਂ ਭਾਰਤੀ ਮਨੋਵਿਗਿਆਨਕ ਵਿਗਿਆਨ ਕਾਨਫ਼ਰੰਸ ਆਯੋਜਤ ਕੀਤੀ ਗਈ।
ਹਰਿਆਣਾ ਸਰਕਾਰ ਦੇ ਅਧਿਕਾਰੀ ਡਾ. ਐਸ.ਐਸ. ਫੂਲੀਆ ਨੇ ਕਿਹਾ ਕਿ ਲਗਾਤਾਰ ਤਣਾਅ ਦੇ ਚਲਦਿਆਂ ਲੋਕਾਂ ਨੂੰ ਖ਼ੁਸ਼ੀਆਂ ਦੀ ਵਧੇਰੇ ਲੋੜ ਹੈ। ਐਚ.ਪੀ. ਯੂਨੀਵਰਸਟੀ ਸ਼ਿਮਲਾ ਤੋਂ ਪ੍ਰੋ. ਐਸ.ਐਨ.ਐਸ ਨੇ ਅਪਣੇ ਕੁੰਜੀਵਤ ਭਾਸ਼ਣ 'ਚ ਖੁਲਾਸਾ ਕੀਤਾ ਕਿ ਮਨੁੱਖੀ ਖ਼ੁਸ਼ਹਾਲੀ ਦੇ ਲਿਹਾਜ਼ ਨਾਲ ਦੁਨੀਆਂ ਭਰ ਦੇ 188 ਦੇਸ਼ਾਂ 'ਚੋ ਭਾਰਤ ਦਾ 143ਵਾਂ ਨੰਬਰ ਹੈ, ਜੋ ਤਸੱਲੀਬਖ਼ਸ਼ ਨਹੀਂ ਕਿਹਾ ਜਾ ਸਕਦਾ।
ਮਨੋਵਿਗਿਆਨ ਦਾ ਟੀਚਾ ਵਿਅਕਤੀਗਤ ਨਾਲੋਂ ਸਮਾਜ ਦੇ ਵੱਡੇ ਵਰਗ ਦੀ ਸੋਚ 'ਚ ਤਬਦੀਲੀ ਵਾਲਾ ਹੋਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਚੰਗੇ ਵਰਤ-ਵਿਹਾਰ ਨਾਲ 80 ਫ਼ੀ ਸਦੀ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦਸਿਆ ਕਿ ਗਲੋਬਲ ਪੱਧਰ 'ਤੇ ਸਮੁੰਦਰੀ ਪੱਧਰ ਅਤੇ ਤਾਪਮਾਨ 'ਚ ਤਬਦੀਲੀ ਮਨੁੱਖੀ ਵਿਹਾਰ 'ਚ ਤਬਦੀਲੀ ਦਾ ਕਾਰਨ ਬਣਦੀ ਹੈ।
ਮਨੋਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਐਚ.ਕੇ. ਚੋਪੜਾ ਅਤੇ ਡਾ. ਰੋਸ਼ਨ ਲਾਲ ਨੇ ਵੀ ਵਿਚਾਰ ਰੱਖੇ। ਇਸ ਮੌਕੇ 'ਕਰੋਧ ਰਹਿਤ ਜੀਵਨ' ਪੁਸਤਕ ਜਾਰੀ ਕੀਤੀ ਗਈ। ਕਾਨਫ਼ਰੰਸ 'ਚ 7 ਦੇਸ਼ਾਂ ਅਤੇ 23 ਸੂਬਿਆਂ ਤੋਂ ਵਫ਼ਦ ਭਾਗ ਲੈ ਰਹੇ ਹਨ। ਲਗਭਗ 780 ਪਰਚੇ ਪੇਸ਼ ਕੀਤੇ ਜਾਣਗੇ।