ਚੰਡੀਗੜ੍ਹ, 5 ਜਨਵਰੀ (ਸਰਬਜੀਤ ਢਿੱਲੋਂ) : ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਵਲੋਂ ਸ਼ਹਿਰ ਵਿਚ ਭੀੜੀਆਂ ਤੇ ਤੰਗ ਥਾਵਾਂ 'ਤੇ ਅਸਾਨੀ ਨਾਲ ਲੰਘ ਜਾਣ ਵਾਲੇ ਫ਼ਾਇਰ ਫ਼ਾਈਟਿੰਗ ਨਵੇਂ ਖ਼ਰੀਦੇ ਸੱਤ ਮੋਟਰਸਾਈਕਲਾਂ ਨੂੰ ਹਰੀ ਝੰਡੀ ਵਿਖਾ ਕੇ ਫ਼ਾਇਰ ਬ੍ਰਿਗੇਡ ਵਿਭਾਗ ਨੂੰ ਮੇਅਰ ਆਸ਼ਾ ਜੈਸਵਾਲ ਨੇ ਸੌਂਪੇ। ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਜਤਿੰਦਰ ਯਾਦਵ ਤੋਂ ਇਲਾਵਾ ਅਨਿਲ ਕੁਮਾਰ ਗਰਗ ਚੀਫ਼ ਫ਼ਾਇਰ ਅਫ਼ਸਰ ਕਮ ਐਡੀਸ਼ਨਲ ਕਮਿਸ਼ਨਰ ਤੇ ਕੌਂਸਲਰ ਅਰੁਣ ਸੂਦ, ਰਵੀ ਕਾਂਤ ਸ਼ਰਮਾ, ਵਿਨੋਦ ਅਗਰਵਾਲ ਅਤੇ ਸਤੀਸ਼ ਕੈਂਥ ਵੀ ਹਾਜ਼ਰ ਸਨ।
ਇਸ ਮੌਕੇ ਕਮਿਸ਼ਨਰ ਯਾਦਵ ਨੇ ਕਿਹਾ ਕਿ ਤੰਗ ਤੇ ਭੀੜੀਆਂ ਥਾਵਾਂ 'ਤੇ ਅੱਗ ਲੱਗਣ ਛੋਟੀਆਂ ਘਟਨਾਵਾਂ ਵਾਪਰਨ 'ਤੇ ਇਹ ਬੁੱਲਟ ਮੋਟਰਸਾਈਕਲ ਅਸਾਨੀ ਘਟਨਾ ਸਥਾਨਾਂ 'ਤੇ ਪੁੱਜ ਸਕਣਗੇ ਅਤੇ ਬਿਨਾਂ ਪਾਣੀ ਦੀ ਵਰਤੋਂ ਕੀਤਿਆਂ ਇਲੈਕਟਰੀਕਲ ਉਪਕਰਣਾਂ ਅਤੇ ਤਰਲ ਪਦਾਰਥਾਂ ਨਾਲ ਭਰੇ ਉਪਕਰਨਾਂ ਨਾਲ ਅੱਗ 'ਤੇ ਕਾਬੂ ਪਾ ਸਕਣਗੇ। ਉਨ੍ਹਾਂ ਕਿਹਾ ਕਿ ਭੀੜ ਵਾਲੀਆਂ ਥਾਵਾਂ 'ਤੇ ਵੱਡੇ ਤੇ ਭਾਰੀ ਮੋਟਰ ਵਾਹਨ ਛੇਤੀ ਪਹੁੰਚ ਨਹੀਂ ਕਰ ਸਕਦੇ ਸਨ ਜਿਸ ਨਾਲ ਕਈ ਵਾਰ ਅੱਗ ਭੜਕ ਕੇ ਕਾਫ਼ੀ ਜਾਨੀ ਤੇ ਮਾਲੀ ਨੁਕਸਾਨ ਕਰ ਦਿਤੀ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਮੋਟਰਸਾਈਕਲਾਂ ਨੂੰ ਫ਼ਾਇਰਮੈਨ ਅੱਗ ਬੁਝਾਉ ਕੈਮੀਕਲ ਨਾਲ ਲੈਸ ਛੋਟੇ ਟੈਂਕ ਲੈ ਕੇ ਮੌਕੇ 'ਤੇ ਪੁੱਜਣਗੇ ਤਾਕਿ ਅੱਗ 'ਤੇ ਕਾਬੂ ਪਾਇਆ ਜਾ ਸਕੇ।