ਚੰਡੀਗੜ੍ਹ, 8 ਜਨਵਰੀ (ਸਰਬਜੀਤ ਢਿੱਲੋਂ) : ਮਿਊਂਸਪਲ ਕਾਰਪੋਰੇਸ਼ਨ ਦੇ ਨਵੇਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਲਈ ਅੱਜ ਜਨਰਲ ਹਾਊਸ ਦੇ ਸਦਨ 'ਚ ਸਵੇਰੇ 11 ਵਜੇ ਹੋਵੇਗੀ। ਭਾਰਤੀ ਜਨਤਾ ਪਾਰਟੀ ਦੇ ਦੋਵੇਂ ਸੀਨੀਅਰ ਲੀਡਰ ਸੰਜੇ ਟੰਡਨ ਅਤੇ ਸੱਤਪਾਲ ਜੈਨ ਦੇ ਧੜਿਆਂ 'ਚ ਖੁਲ੍ਹੀ ਹੋਈ ਬਗ਼ਾਵਤ ਨੂੰ ਭਾਵੇਂ ਇਕ ਵਾਰੀ ਠੱਲ੍ਹ ਪੈ ਗਈ ਹੈ ਪਰੰਤੂ ਪਾਰਟੀ ਦੇ ਆਗੂਆਂ ਅਤੇ ਕੌਂਸਲਰਾਂ 'ਚ ਇਕ-ਦੂਜੇ ਵਿਰੋਧ ਨਾਰਾਜ਼ਗੀ ਲੰਬੇ ਸਮੇਂ ਤਕ ਚਲਣ ਦੇ ਆਸਾਰ ਵਧ ਗਏ ਹਨ। ਦੂਜੇ ਪਾਸੇ ਵਿਰੋਧੀ ਧਿਰ ਕਾਂਗਰਸ ਨੂੰ ਅਜੇ ਵੀ ਕਰਾਸ ਵੋਟਿੰਗ ਹੋਣ ਦੀ ਉਮੀਦ ਹੈ।ਭਾਰਤੀ ਜਨਤਾ ਪਾਰਟੀ ਕੋਲ ਨਗਰ ਨਿਗਮ ਦਾ ਭਾਰੀ ਬਹੁਮਤ ਹੈ। ਪਾਰਟੀ ਲਈ ਮੇਅਰ ਸਮੇਤ ਤਿੰਨੇ ਸੀਟਾਂ 'ਤੇ ਆਸਾਨੀ ਨਾਲ ਉਮੀਦਵਾਰ ਚੋਣ ਜਿੱਤ ਜਾਣਗੇ ਪਰੰਤੂ ਜੋ ਕੁੱਝ ਪਿਛਲੇ ਹਫ਼ਤੇ ਹੋਇਆ ਉਸ ਦਾ ਰਾਜਸੀ ਪ੍ਰਭਾਵ ਵੀ ਇਸ ਚੋਣ ਪ੍ਰਕਿਰਿਆ 'ਤੇ ਪੈਣ ਦੇ ਆਸਾਰ ਬਣੇ ਹੋਏ ਹਨ। ਭਾਜਪਾ ਵਲੋਂ ਮੇਅਰ ਲਈ ਦਿਵੇਸ਼ ਮੋਦਗਿਲ, ਸੀਨੀਅਰ ਡਿਪਟੀ ਮੇਅਰ ਲਈ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਡਿਪਟੀ ਮੇਅਰ ਲਈ ਵਿਨੋਦ ਅਗਰਵਾਲ
ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਭਾਜਪਾ ਦੇ ਸੰਜੇ ਟੰਡਨ ਧੜੇ ਨੇ ਖੁਲ੍ਹੀ ਬਗ਼ਾਵਤ ਕਰਦਿਆਂ ਸੀਟਿੰਗ ਮੇਅਰ ਆਸ਼ਾ ਜੈਸਵਾਲ ਨੂੰ ਮੇਅਰ, ਸੀਨੀਅਰ ਡਿਪਟੀ ਮੇਅਰ ਲਈ ਰਵੀਕਾਂਤ ਸ਼ਰਮਾ ਤੇ ਡਿਪਟੀ ਮੇਅਰ ਲਈ ਵਿਨੋਦ ਅਗਰਵਾਲ ਨੂੰ ਨਾਮਜ਼ਦਗੀ ਫ਼ਾਰਮ 2 ਜਨਵਰੀ ਨੂੰ ਭਰਵਾਏ ਸਨ, ਜਿਸ ਦਾ ਪਾਰਟੀ ਮਾਮਲਿਆਂ ਦੇ ਇੰਚਾਰਜ ਪ੍ਰਭਾਤ ਝਾਅ ਨੇ ਬਹੁਤ ਬੁਰਾ ਮਨਾਇਆ। ਬੀਤੇ ਕੱਲ 7 ਜਨਵਰੀ ਨੂੰ ਆਸ਼ਾ ਜੈਸਵਾਲ ਤੇ ਦਿਵੇਸ਼ ਮੋਦਗਿਲ ਨਾਲ ਮਤਭੇਦ ਮੁਕਾਉਣ ਦਾ ਐਲਾਨ ਕੀਤਾ ਹੈ।
ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ 'ਚ ਭਾਜਪਾ ਕੋਲ 26 ਚੁਣੇ ਹੋਏ ਕੌਂਸਲਰ 'ਚੋਂ 20 ਅਕਾਲੀ ਦਲ ਅਤੇ ਇਕ ਵੋਟ ਸੰਸਦ ਮੈਂਬਰ ਕਿਰਨ ਖੇਰ ਦੀ ਮਿਲਾ ਕੇ ਕੁਲ 23 ਵੋਟਾਂ ਬਣਦੀਆਂ ਹਨ। ਜਦਕਿ 4 ਵੋਟਾਂ ਕਾਂਗਰਸ ਅਤੇ ਇਕ ਆਜ਼ਾਦ ਕੌਂਸਲਰ ਦਲੀਪ ਸ਼ਰਮਾ ਸ਼ਾਮਲ ਹੈ। ਕੁਲ 14-15 ਵੋਟਾਂ ਲੈਣ ਵਾਲਾ ਉਮੀਦਵਾਰ ਮੇਅਰ ਦੀ ਕੁਰਸੀ 'ਤੇ ਬਿਰਾਜਮਾਨ ਹੋ ਸਕੇਗਾ।