ਮੋਦੀ ਸਰਕਾਰ, ਮਹਿੰਗਾਈ ਦੀ ਮਾਰ ਕੇਂਦਰ ਨੇ 4 ਮਹੀਨਿਆਂ 'ਚ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਕਈ ਗੁਣਾ ਵਧਾਈਆਂ

ਚੰਡੀਗੜ੍ਹ, ਚੰਡੀਗੜ੍ਹ




ਚੰਡੀਗੜ੍ਹ, 14 ਸਤੰਬਰ (ਸਰਬਜੀਤ ਢਿੱਲੋਂ): ਕੇਂਦਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਰਕਾਰ ਬਣੀ ਨੂੰ ਸਾਢੇ ਤਿੰਨ ਸਾਲ ਦਾ ਸਮਾਂ ਹੋ ਗਿਆ ਹੈ ਪਰ ਚੰਡੀਗੜ੍ਹ ਸ਼ਹਿਰ ਨੂੰ ਸਮਾਰਟ ਸਿਟੀ ਦਾ ਦਰਜਾ ਦੇਣ ਤੋਂ ਇਲਾਵਾ ਕੇਂਦਰ ਨੇ ਕੁੱਝ ਨਾ ਦਿਤਾ ਅਤੇ ਨਾ ਹੀ ਹੋਰ ਚੋਣਾਵੀਂ ਵਾਅਦੇ ਪੂਰੇ ਕੀਤੇ, ਸਗੋਂ ਚੰਡੀਗੜ੍ਹ ਪ੍ਰਸ਼ਾਸਨ ਤੇ ਕੇਂਦਰ ਦੀ ਭਾਜਪਾ ਸਰਕਾਰ ਦੋਵੇਂ ਮਿਲ ਕੇ ਸ਼ਹਿਰ ਵਾਸੀਆਂ 'ਤੇ ਟੈਕਸਾਂ ਦਾ ਵਾਧੂ ਬੋਝ ਪਾਉਣ ਲੱਗੇ ਹਨ। ਦੋ ਪ੍ਰਦੇਸ਼ਾਂ ਦੀ ਰਾਜਧਾਨੀ ਚੰਡੀਗੜ੍ਹ 'ਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ, ਸਰਵਿਸ ਟੈਕਸ, ਪੇਡ ਪਾਰਕਿੰਗਾਂ ਦੇ ਰੇਟ, ਵਪਾਰਕ ਤੇ ਰਿਹਾਇਸ਼ੀ ਜਾਇਦਾਦਾਂ 'ਤੇ ਕਈ ਗੁਣਾ ਕੁਲੈਕਟਰ ਰੇਟ, ਲੀਜ਼ ਹੋਲਡ ਤੋਂ ਫ਼ਰੀ ਹੋਲਡ ਕਰਨ ਲਈ ਕੰਨਵਰਸ਼ੇਸ਼ਨ ਰੇਟਾਂ 'ਚ ਵਾਧੇ ਸਮੇਤ ਚੰਡੀਗੜ੍ਹ ਦੀ 13 ਲੱਖ ਦੀ ਆਬਾਦੀ 'ਤੇ ਬੇਲੋੜੇ ਟੈਕਸਾਂ ਦਾ ਬੋਝ ਪਾਇਆ ਜਾ ਰਿਹਾ ਹੈ ਜਿਸ ਨਾਲ ਮੁਲਾਜ਼ਮਾਂ, ਵਪਾਰੀਆਂ ਤੇ ਆਮ ਜਨਤਾ ਦੁਖੀ ਹੋਣ ਲੱਗੀ ਹੈ।

ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 3 ਸਾਲਾਂ 'ਚ ਕਈ ਗੁਣਾਂ ਵਧੀਆਂ: ਕੇਂਦਰ ਸਰਕਾਰ ਵਲੋਂ 4 ਮਹੀਨੇ ਪਹਿਲਾਂ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਹਰ ਰੋਜ਼ ਦਰਾਂ ਤਹਿ ਕਰਨ ਦਾ ਜਿਹੜਾ ਸਿਲਸਿਲਾ ਜਾਰੀ ਹੋਇਆ ਸੀ, ਉਸ ਤਹਿਤ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਹੁਣ ਅਸਮਾਨ ਛੂਹਣ ਲੱਗੀਆਂ ਹਨ। ਜਦਕਿ ਪਟਰੌਲ ਤੇ 12.6 ਫ਼ੀ ਸਦੀ ਅਕਸਾਈਜ ਡਿਊਟੀ ਅਤੇ ਡੀਜ਼ਲ 'ਤੇ 3.87 ਤਕ ਵਾਧਾ ਹੋਣ ਨਾਲ ਪਟਰੌਲ ਦੇ ਰੇਟ 70.53 ਪੈਸੇ ਅਤੇ ਡੀਜ਼ਲ 59.58 ਤਕ ਵਿਕਣ ਲੱਗਾ ਹੈ। ਜਿਸ ਨਾਲ ਲੋਕਾਂ 'ਚ ਹਾਹਾਕਾਰ ਵਧ ਗਈ ਹੈ।

ਚੰਡੀਗੜ੍ਹ 'ਚ ਪੇਡ ਪਾਰਕਿੰਗ ਦੇ ਰੇਟ ਤਿੰਨ ਗੁਣਾਂ ਵਧਣਗੇ: ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਵਲੋਂ ਐਤਕੀਂ ਕੇਂਦਰ ਸਰਕਾਰ ਵਲੋਂ ਸਾਲਾਨਾ ਗ੍ਰਾਂਟ ਸਿਰਫ਼ 419 ਕਰੋੜ ਹੀ ਮਿਲਦ ਬਾਅਦ ਸ਼ਹਿਰ ਵਾਸੀਆਂ ਤੇ ਅਗਲੇ ਮਹੀਨੇ ਦੋ ਪਹੀਆ ਵਾਹਨਾਂ ਲਈ ਪੇਡ ਪਾਰਕਿੰਗ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਪਰ ਪੇਡ ਪਾਰਕਿੰਗ ਦੇ ਰੇਟਾਂ 'ਚ ਕਈ ਗੁਣਾ ਵਾਧਾ ਹੋਣ ਜਾ ਰਿਹਾ ਹੈ।

ਜੀ.ਐਸ.ਟੀ. ਰਾਹੀਂ ਸਰਵਿਸ ਟੈਕਸਾਂ 'ਚ ਵਾਧਾ: ਕੇਂਦਰ ਸਰਕਾਰ ਵਲੋਂ 1 ਜੁਲਾਈ 2017 ਤੋਂ ਜੀ.ਐਸ.ਟੀ. ਐਕਟ ਲਾਗੂ ਹੋ ਜਾਣ ਨਾਲ ਟੈਕਸਾਂ ਦੀਆਂ 4 ਸਲੈਬਾਂ  ਬਣਾਈਆਂ ਗਈਆਂ ਹਨ ਜਿਸ ਵਿਚ 28 ਫ਼ੀ ਸਦੀ ਤਕ ਜੀ.ਐਸ.ਟੀ. ਟੈਕਸ ਲੱਗ ਰਿਹਾ ਹੈ ਜਿਸ ਕਾਰਨ ਲੋਕ ਪ੍ਰਸ਼ਾਨ ਹਨ।

ਬਿਜਲੀ ਦੀਆਂ ਦਰਾਂ 'ਚ 2 ਫ਼ੀ ਸਦੀ ਵਾਧਾ : ਚੰਡੀਗੜ੍ਹ ਪ੍ਰਸ਼ਾਸਨ ਵਲੋਂ ਰੈਗੂਲੇਟਰੀ ਕਮਿਸ਼ਨ ਦੀਆਂ ਸਿਫ਼ਰਸ਼ਾਂ 'ਤੇ ਪਿਛਲੇ ਸਾਲਾਂ ਦਾ ਘਾਟਾ ਪੂਰਾ ਕਰਨ ਲਈ 2 ਫ਼ੀ ਸਦੀ ਪ੍ਰਤੀ ਯੂਨਿਟ ਵਾਧਾ ਕਰ ਦਿਤਾ ਹੈ ਜਿਸ ਨਾਲ 2.75 ਲੱਖ ਗਾਹਕਾਂ 'ਤੇ ਕਮਰਸ਼ੀਅਲ ਤੇ ਘਰੇਲੂ ਖ਼ਰਚੇ ਦਾ ਬੋਝ ਪੈ ਰਿਹਾ ਹੈ।

ਲੀਜ਼ ਹੋਲਡ ਤੋਂ ਫ਼ਰੀ ਹੋਲਡ ਕਰਨ ਲਈ ਜਾਇਦਾਦਾਂ 'ਤੇ ਕਈ ਗੁਣਾ ਫ਼ੀਸਾਂ 'ਚ ਵਾਧਾ: ਚੰਡੀਗੜ੍ਹ ਪ੍ਰਸ਼ਾਸਨ ਵਲੋਂ 2013 ਵਿਚ ਲੀਜ਼ ਹੋਲਡ ਜਾਇਦਾਦਾਂ ਫ਼ਰੀ ਹੋਲਡ ਕਰਨ ਲਈ 1710 ਰੁਪਏ ਪ੍ਰਤੀ ਸਕੇਅਰ ਮੀਟਰ ਰੇਟ ਤਹਿ ਕੀਤੇ ਹੋਏ ਸਨ ਪਰ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਜਾਇਦਾਦਾਂ ਦੀ ਕਨਵਰਸੇਸ਼ਨ ਫ਼ੀਸ 3 ਗੁਣਾਂ ਵਧਾ ਦਿਤੀ ਹੈ।