ਮੋਹਾਲੀ 'ਚ ਕਈ ਸਰਕਾਰੀ ਥਾਵਾਂ 'ਤੇ ਕਬਜ਼ੇ, ਬਣਾ ਦਿਤੇ ਡੇਰੇ

ਚੰਡੀਗੜ੍ਹ, ਚੰਡੀਗੜ੍ਹ

ਐਸ.ਏ.ਐਸ. ਨਗਰ, 22 ਸਤੰਬਰ (ਸੁਖਦੀਪ ਸਿੰਘ ਸੋਈ) : ਸੌਦਾ ਸਾਧ ਦੇ ਸਿਰਸੇ ਵਾਲੇ ਡੇਰੇ ਬਾਰੇ ਛਿੜੇ ਵੱਡੇ ਵਿਵਾਦ ਅਤੇ ਉਥੇ ਵਾਪਰੀਆਂ ਗ਼ੈਰ-ਸਮਾਜਕ ਘਟਨਾਵਾਂ ਦੇ ਮੱਦੇਨਜ਼ਰ ਲੋਕ ਹੁਣ ਦੂਜੇ ਡੇਰਿਆਂ ਬਾਰੇ ਵੀ ਚਰਚਾ ਕਰਨ ਲੱਗ ਪਏ ਹਨ। ਡੇਰਾ ਕਿਵੇਂ ਉਸਰਦਾ ਹੈ ਤੇ ਕਿਵੇਂ ਫੈਲਦਾ ਹੈ, ਇਸ ਦੀਆਂ ਕੁੱਝ ਮਿਸਾਲਾਂ ਮੁਹਾਲੀ 'ਚ ਸਪੱਸ਼ਟ ਰੂਪ ਵਿਚ ਮਿਲਦੀਆਂ ਹਨ।
ਡਿਪਲਾਸਟ ਚੌਕ ਨੇੜੇ ਪਬਲਿਕ ਪਾਰਕ ਵਿਚ ਕਥਿਤ ਨਾਜਾਇਜ਼ ਕਬਜ਼ਾ ਕਰ ਕੇ ਪੀਰ ਦੀ ਛੋਟੀ ਜਿਹੀ ਸਮਾਧ ਬਣਾਈ ਗਈ ਸੀ। ਸਰਕਾਰਾਂ ਅਤੇ ਪ੍ਰਸ਼ਾਸਨਕ ਅਧਿਕਾਰੀਆਂ ਦੀ ਅਣਦੇਖੀ ਸਦਕਾ ਇਥੇ ਹੁਣ ਵੱਡੀ ਇਮਾਰਤ ਖੜੀ ਕੀਤੀ ਗਈ ਹੈ। ਇੱਥੇ ਹਰ ਵੀਰਵਾਰ ਨੂੰ ਮੱਥੇ ਟਿਕਾਏ ਜਾਂਦੇ ਹਨ। ਇਸ ਤੋਂ ਅੱਗੇ ਸਨਅਤੀ ਏਰੀਆ ਵਿਚ ਮੁੱਖ ਸੜਕ ਦੇ ਕੰਢੇ ਇਕ ਮਹਿਲਾ ਗਾਇਕ ਨੇ ਇਕ ਰੁੱਖ਼ ਦੇ ਆਲੇ ਦੁਆਲੇ ਕਪੜਾ ਬੰਨ੍ਹ ਕੇ ਅਤੇ ਫੁੱਟਪਾਥ 'ਤੇ ਚਾਰ ਇੱਟਾਂ ਲਗਾ ਕੇ ਇਕ ਪੀਰ ਦੀ ਸਮਾਧ ਬਣਾਈ ਗਈ ਹੈ। ਹੁਣ ਇਸ ਥਾਂ 'ਤੇ ਆਰਜ਼ੀ ਸ਼ੈੱਡ ਵੀ ਬਣਾ ਦਿਤਾ ਗਿਆ ਹੈ। ਇੱਥੇ ਵੀ ਹਰ ਵੀਰਵਾਰ ਨੂੰ ਮੱਥੇ ਟੇਕੇ ਜਾਂਦੇ ਹਨ। ਇੰਜ ਹੀ ਬੰਦ ਪਈ ਜੇਸੀਟੀ ਫ਼ੈਕਟਰੀ ਨੇੜੇ ਮੁੱਖ ਸੜਕ ਦੇ ਬਿਲਕੁਲ ਵਿਚਕਾਰ ਲਾਲਾ ਵਾਲੇ ਪੀਰ ਦੀ ਸਮਾਧ ਬਣਾਈ ਗਈ ਹੈ। ਇਥੇ ਵੀ ਵੀਰਵਾਰ ਨੂੰ ਰੌਣਕ ਲਗਦੀ ਹੈ ਅਤੇ ਚੌਲਾਂ ਦਾ ਲੰਗਰ ਵਰਤਾਇਆ ਜਾਂਦਾ ਹੈ। ਇਹ ਸਮਾਧ ਸੜਕ ਦੇ ਐਨ ਵਿਚਾਲੇ ਹੋਣ ਕਾਰਨ ਆਵਾਜਾਈ ਵੀ ਪ੍ਰਭਾਵਤ ਹੁੰਦੀ ਹੈ ਪਰ ਸਰਕਾਰਾਂ ਅਤੇ ਪ੍ਰਸ਼ਾਸਨਕ ਅਧਿਕਾਰੀ ਅੱਖਾਂ ਬੰਦ ਕਰ ਕੇ ਬੈਠੇ ਹੋਏ ਹਨ। ਇਸੇ ਤਰ੍ਹਾਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੇ ਬਿਲਕੁਲ ਸਾਹਮਣੇ ਕੁੱਝ ਲੋਕ ਇਕ ਰੁੱਖ 'ਤੇ ਕਪੜੇ ਬੰਨ੍ਹ ਕੇ ਪੀਰ ਦੀ ਸਮਾਧ ਹੋਣ ਦਾ ਢੋਂਗ ਰਚ ਕੇ ਇਸ ਬਹੁ ਕੀਮਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਤਾਕ ਵਿਚ ਹਨ।
ਇਸ ਸਬੰਧੀ ਪਿਛਲੇ ਕੁੱਝ ਸਮੇਂ ਤੋਂ ਤਰਕਸ਼ੀਲ ਸੁਸਾਇਟੀ ਦੇ ਜ਼ੋਨਲ ਇੰਚਾਰਜ ਜਰਨੈਲ ਸਿੰਘ ਕਰਾਂਤੀ ਸਰਕਾਰੀ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਸੰਘਰਸ਼ਸ਼ੀਲ ਹਨ ਅਤੇ ਉਨ੍ਹਾਂ ਨੇ ਮੀਡੀਆ ਵਿਚ ਵੀ ਕਾਫ਼ੀ ਖ਼ਬਰਾਂ ਪ੍ਰਕਾਸ਼ਤ ਕਰਵਾਈਆਂ ਹਨ ਪਰ ਹੁਣ ਤਕ ਸਰਕਾਰਾਂ, ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਅਤੇ ਗਮਾਡਾ ਨੇ ਇਨ੍ਹਾਂ ਥਾਵਾਂ ਨੂੰ ਨਾਜਾਇਜ਼ ਕਬਜ਼ੇ ਤੋਂ ਮੁਕਤ ਨਹੀਂ ਕਰਵਾਇਆ ਜਾ ਸਕਿਆ ਹੈ। ਇਹ ਇਕੱਲੇ ਮੁਹਾਲੀ ਸ਼ਹਿਰ ਦੀ ਗੱਲ ਨਹੀਂ ਹੈ ਬਲਕਿ ਸੂਬੇ ਦੇ ਹੋਰਨਾਂ ਸ਼ਹਿਰਾਂ ਖਰੜ ਲੁਧਿਆਣਾ ਸੜਕ, ਰਾਜਪੁਰਾ ਤੋਂ ਸਰਹਿੰਦ ਮਾਰਗ ਅਤੇ ਬਨੂੜ ਤੋਂ ਤੇਪਲਾ ਰੋਡ ਅਤੇ ਜ਼ੀਰਕਪੁਰ ਤੋਂ ਪਟਿਆਲਾ ਸੜਕ 'ਤੇ ਸਰਕਾਰੀ ਥਾਵਾਂ 'ਤੇ ਨਾਜਾਇਜ਼ ਕਬਜ਼ੇ ਹੋਣ ਬਾਰੇ ਪਤਾ ਲੱਗਾ ਹੈ। ਲੁਧਿਆਣਾ ਸਮੇਤ ਕਈ ਹੋਰਨਾਂ ਥਾਵਾਂ 'ਤੇ ਵੀ ਸਰਕਾਰੀ ਜ਼ਮੀਨਾਂ 'ਤੇ ਧਾਰਮਿਕ ਅਸਥਾਨਾਂ ਦੀ ਆੜ ਵਿੱਚ ਨਾਜਾਇਜ਼ ਕਬਜ਼ੇ ਕੀਤੇ ਗਏ ਹਨ। ਹਾਲਾਂਕਿ ਇਨ੍ਹਾਂ ਸੜਕਾਂ ਤੋਂ ਰੋਜ਼ਾਨਾ ਮੰਤਰੀ ਅਤੇ ਅਧਿਕਾਰੀ ਲੰਦੇ ਹਨ ਪ੍ਰੰਤੂ ਕਦੇ ਕਿਸੇ ਨੇ ਇਸ ਪਾਸੇ ਧਿਆਨ ਦੇਣ ਦੀ ਲੋੜ ਨਹੀਂ ਸਮਝੀ ਹੈ।
ਜ਼ਿਕਰਯੋਗ ਹੈ ਕਿ ਕਾਫ਼ੀ ਸਮਾਂ ਪਹਿਲਾਂ ਗਮਾਡਾ ਨੇ ਰਾਧਾ ਸੁਆਮੀ ਡੇਰੇ ਨੂੰ ਸੈਂਕੜੇ ਏਕੜ ਜ਼ਮੀਨ ਇਕ ਥਾਂ 'ਤੇ ਮੁਹਈਆ ਕਰਵਾਈ ਗਈ ਸੀ ਜਿਸ ਦਾ ਸਿੱਖਾਂ ਨੇ ਕਾਫ਼ੀ ਵਿਰੋਧ ਕੀਤਾ ਸੀ ਅਤੇ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਨੇ ਡੇਰੇ ਨਾਲ ਮਿਲੀਭੁਗਤ ਹੋਣ ਦਾ ਖ਼ੁਲਾਸਾ ਕਰਦਿਆਂ ਹੁਕਮਰਾਨਾਂ ਨੂੰ ਨੀਂਦ ਤੋਂ ਜਗਾਉਣ ਲਈ ਜ਼ਬਰਦਸਤ ਹਲੂਣਾ ਦਿਤਾ ਸੀ। ਅਦਾਰਾ ਸਪੋਕਸਮੈਨ ਨੇ ਡੇਰਾਵਾਦ ਵਿਰੁਧ ਲੜੀ ਸ਼ੁਰੂ ਕੀਤੀ ਗਈ ਸੀ ਜਿਸ ਕਰ ਕੇ ਗਮਾਡਾ ਨੇ ਰਾਧਾ ਸੁਆਮੀ ਡੇਰੇ ਤੋਂ 34 ਏਕੜ ਜ਼ਮੀਨ ਵਾਪਸ ਲੈ ਲਈ ਸੀ। ਜਿਥੇ ਅੱਜ ਜ਼ਿਲ੍ਹਾ ਅਦਾਲਤ ਕੰਪਲੈਕਸ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਮੇਤ ਕਈ ਹੋਰ ਪ੍ਰਾਈਵੇਟ ਹਾਊਸਿੰਗ ਸੁਸਾਇਟੀਆਂ ਬਣੀਆਂ ਹੋਈਆਂ ਹਨ ਅਤੇ ਕੁੱਝ ਉਸਾਰੀ ਅਧੀਨ ਹਨ।
ਜਦ ਇਸ ਸਬੰਧੀ ਇਕ ਧਾਰਮਕ ਬੁਧੀਜੀਵੀ ਨੂੰ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਡੇਰੇਦਾਰਾਂ ਨੇ ਅਪਣੇ ਧਾਰਮਕ ਸਥਾਨਾਂ ਦੀ ਲੜੀ ਇਸ ਤਰ੍ਹਾਂ ਬਣਾ ਲਈ ਹੈ, ਜਿਸ ਤਰ੍ਹਾਂ ਮਲਟੀਨੈਸ਼ਨਲ ਕੰਪਨੀਆਂ ਅਪਣੇ ਵੱਖ-ਵੱਖ ਥਾਵਾਂ 'ਤੇ ਸਟੋਰ ਖੋਲ੍ਹਦੀਆਂ ਹਨ। ਉਨ੍ਹਾਂ ਕਿਹਾ ਕਿ ਰੱਬ ਦੇ ਨਾਂ 'ਤੇ ਕੁੱਝ ਸਾਧਾਂ-ਸੰਤਾਂ ਵਲੋਂ ਅਪਣੇ ਚੇਲਿਆਂ ਨੂੰ ਗੁੰਮਰਾਹ ਕਰ ਕੇ ਬਹੁਤ ਵੱਡੀ ਜਾਇਦਾਦ ਇਕੱਠੀ ਕੀਤੀ ਜਾ ਰਹੀ ਹੈ। ਰੱਬ ਦੇ ਨਾਂ 'ਤੇ ਇਕ ਵੱਡਾ ਘਪਲਾ ਕੀਤਾ ਜਾ ਰਿਹਾ ਹੈ।