ਚੰਡੀਗੜ੍ਹ, 15
ਸਤੰਬਰ (ਤਰੁਣ ਭਜਨੀ): ਸੈਕਟਰ-8 ਵਿਚ ਇਕ ਕਾਰ ਨੇ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ
ਟੱਕਰ ਮਾਰ ਦਿਤੀ। ਹਾਦਸੇ ਵਿਚ ਪਤੀ ਦੀ ਮੌਤ ਹੋ ਗਈ ਹੈ ਜਦਕਿ ਮੋਟਰਸਾਈਕਲ ਦੇ ਪਿਛੇ ਬੈਠੀ
ਉਸ ਦੀ ਪਤਨੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਜਾਣਕਾਰੀ ਅਨੁਸਾਰ ਸੁਮਿਤ (28)
ਅਪਣੀ ਪਤਨੀ ਕੁਸਮ ਨਾਲ ਮੋਟਰਸਾਈਕਲ 'ਤੇ ਮਲੋਆ ਸਥਿਤ ਅਪਣੇ ਘਰ ਜਾ ਰਿਹਾ ਸੀ। ਸੈਕਟਰ-8
ਵਿਚ ਮਕਾਨ ਨੰਬਰ 500 ਨੇੜੇ ਇਕ ਸਕਾਰਪਿਉ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ
ਮਾਰ ਦਿਤੀ। ਟੱਕਰ ਵੱਜਣ ਤੋਂ ਬਾਅਦ ਕਾਰ ਚਾਲਕ ਕੰਟਰੋਲ ਖੋਹ ਬੈਠਾ ਅਤੇ ਕਾਰ ਇਕ ਖੰਭੇ
ਵਿਚ ਜਾ ਵੱਜੀ।
ਮੌਕੇ ਤੇ ਪੁੱਜੀ ਪੁਲਿਸ ਜ਼ਖ਼ਮੀ ਪਤੀ-ਪਤਨੀ ਨੂੰ ਪੀ.ਜੀ.ਆਈ. ਲੈ ਗਈ
ਜਿਥੇ ਸੁਮਿਤ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿਤਾ ਜਦਕਿ ਕੁਸਮ ਦੀ ਹਾਲਤ ਖ਼ਤਰੇ ਤੋਂ
ਬਾਹਰ ਹੈ। ਮ੍ਰਿਤਕ ਸੁਮਿਤ ਦੇ ਪਿਤਾ ਚੰਡੀਗੜ੍ਹ ਪੁਲਿਸ ਵਿਚ ਥਾਣੇਦਾਰ ਹਨ। ਦਸਿਆ ਜਾਂਦਾ
ਹੈ ਕਿ ਕਾਰ ਵਿਚ ਹਿਮਾਚਲ ਪ੍ਰਦੇਸ਼ ਵਾਸੀ ਦੋ ਨੌਜਵਾਨ ਬੈਠੇ ਸਨ। ਕਾਰ ਨੂੰ ਅਨੀਸ਼ ਦੀਵਾਨ
ਚਲਾ ਰਿਹਾ ਸੀ। ਇਹ ਦੋਵੇਂ ਸੁੱਖਨਾ ਝੀਲ ਵੱਲ ਜਾ ਰਹੇ ਸਨ। ਮ੍ਰਿਤਕ ਅਪਣੀ ਪਤਨੀ ਦੇ ਭਰਾ
ਦਾ ਜਨਮਦਿਨ ਮਨਾ ਕੇ ਮਨੀਮਾਜਰਾ ਤੋਂ ਘਰ ਵਾਪਸ ਜਾ ਰਿਹਾ ਸੀ। ਸੈਕਟਰ 3 ਥਾਣਾ ਪੁਲਿਸ ਨੇ
ਮਾਮਲੇ ਵਿਚ ਕਾਰ ਚਾਲਕ ਨੂੰ ਕਾਬੂ ਕਰ ਲਿਆ ਹੈ।