ਚੰਡੀਗੜ੍ਹ, 15 ਦਸੰਬਰ (ਬਠਲਾਣਾ) : ਪੰਜਾਬ ਯੂਨੀਵਰਸਟੀ ਸਿੰਡੀਕੇਟ ਦੀਆਂ ਚੋਣਾਂ ਵਿਚ ਧੜੇਬਾਜ਼ੀ ਭਾਰੂ ਹੁੰਦੀ ਨਜ਼ਰ ਆ ਰਹੀ ਹੈ ਅਤੇ ਮੁੱਦੇ ਇਸ ਦੀ ਭੇਂਟ ਚੜ੍ਹ ਗਏ ਹਨ ਕਿਉਂਕਿ ਵੱਖ-ਵੱਖ ਵਿਚਾਰਧਾਰਾ ਨਾਲ ਸਬੰਧਤ ਮੈਂਬਰ ਵੀ ਗਰੁੱਪਾਂ ਵਿਚ ਵੰਡੇ ਗਏ ਹਨ। ਇਨ੍ਹਾਂ ਚੋਣਾਂ ਵਿਚ ਮੁਕਾਬਲਾ ਗੋਇਲ ਬਨਾਮ ਗੋਇਲ ਗਰੁੱਪਾਂ ਵਿਚਕਾਰ ਹੋਵੇਗਾ। ਪਿਛਲੀਆਂ ਚੋਣਾਂ ਵਿਚ ਵੀ ਇਹੀ ਦੋਵੇਂ ਗਰੁੱਪ ਆਹਮੋ-ਸਾਹਮਣੇ ਸਨ ਪਰ ਯੂਨੀਵਰਸਟੀ ਗਰੁੱਪ ਨੇ ਸਾਰੀਆਂ 15 ਸੀਟਾਂ 'ਤੇ ਜਿੱਤ ਹਾਸਲ ਕਰ ਲਈ ਸੀ। ਇਸ ਗਰੁੱਪ ਦੀ ਅਗਵਾਈ ਪ੍ਰੋ. ਨਵਦੀਪ ਗੋਇਲ ਨੇ ਕੀਤੀ ਸੀ ਜਦਕਿ ਇਸ ਦੇ ਮੁਕਾਬਲੇ ਦੇ ਗਰੁੱਪ ਦੀ ਅਗਵਾਈ ਅਸ਼ੋਕ ਗੋਇਲ ਕਰ ਰਹੇ ਸਨ, ਜਿਨ੍ਹਾਂ ਚੋਣਾਂ ਵਿਚ ਕੋਈ ਉਮੀਦਵਾਰ ਨਹੀਂ ਸੀ ਉਤਾਰਿਆ। ਇਹ ਜਾਣਕਾਰੀ ਅਨੁਸਾਰ ਅਸ਼ੋਕ ਗੋਇਲ ਵਾਲਾ ਗਰੁੱਪ ਇਨ੍ਹਾਂ ਚੋਣਾਂ ਦਾ ਘੱਟੋ-ਘੱਟ 3 ਸੀਟਾਂ 'ਤੇ ਚੋਣ ਲੜ ਸਕਦਾ ਹੈ ਜਦਕਿ ਪ੍ਰੋ. ਨਵਦੀਪ ਗੋਇਲ ਵਾਲਾ ਗਰੁੱਪ ਜਿਥੇ ਸਾਰੀਆਂ 15 ਸੀਟਾਂ 'ਤੇ ਚੋਣ ਲੜਨ ਦੀ ਤਿਆਰੀ ਕਰ ਰਿਹਾ ਹੈ, ਉਥੇ ਉਹ ਪਿਛਲੇ ਸਾਲ ਵਾਲੀ ਹੂੰਝਾ ਫੇਰ ਜਿੱਤ ਨੂੰ ਬਰਕਰਾਰ ਰੱਖਣ ਲਈ ਉਮੀਦ ਲਾਈ ਬੈਠਾ ਹੈ।