ਮੁੱਲਾਂਪੁਰ ਗਰੀਬਦਾਸ, 1 ਨਵੰਬਰ (ਰਵਿੰਦਰ ਸਿੰਘ ਸੈਣੀ) : ਪਿੰਡ ਧਨਾਸ ਵਿਖੇ ਮੁੱਖ ਮਾਰਗ 'ਤੇ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਸਥਾਨਕ ਲੋਕਾਂ ਨੇ ਅੱਜ ਚੰਡੀਗੜ੍ਹ ਪ੍ਰਸ਼ਾਸਨ ਵਿਰੁਧ ਨਾਹਰੇਬਾਜ਼ੀ ਕੀਤੀ। ਲੋਕਾਂ ਨੇ ਦਸਿਆ ਕਿ ਪਿਛਲੇ ਕਰੀਬ ਇਕ ਮਹੀਨੇ ਤੋਂ ਧਨਾਸ ਦੀਆਂ ਲਾਇਟਾਂ ਨਾਲ ਸ਼ਰਾਬ ਦਾ ਠੇਕਾ ਖੁਲ੍ਹਿਆ ਹੋਇਆ ਹੈ, ਜੋ ਮੁੱਖ ਮਾਰਗ 'ਤੇ ਹੈ। ਲੋਕਾਂ ਅਨੁਸਾਰ ਇਸ ਕਾਰਨ ਰਾਹਗੀਰਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਠੇਕਾ ਬੱਸ ਸਟੈਂਡ ਦੇ ਨੇੜੇ ਹੈ ਅਤੇ ਸਵਾਰੀਆਂ ਅਤੇ ਬੱਚਿਆਂ ਨੂੰ ਸ਼ਰਾਬੀ ਲੋਕਾਂ ਦੁਆਰਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਜਿਸ ਕਾਰਨ ਮਹੌਲ ਖ਼ਰਾਬ ਹੋ ਰਿਹਾ ਹੈ
ਅਤੇ ਨਸ਼ਾਖੋਰੀ ਵਿੱਚ ਵਾਧਾ ਹੋ ਰਿਹਾ ਹੈ। ਲੋਕਾਂ ਅਨੁਸਾਰ ਇਹ ਠੇਕਾ ਸਰਕਾਰੀ ਸਕੂਲ ਦੇ ਵੀ ਨੇੜੇ ਹੋਣ ਕਾਰਨ ਵਿਦਿਆਰਥੀਆਂ ਦੀ ਮਾਨਸਿਕਤਾ 'ਤੇ ਬੁਰਾ ਅਸਰ ਪੈ ਰਿਹਾ ਹੈ। ਇਸ ਸਬੰਧੀ ਮੰਗ ਪੱਤਰ ਡੀ.ਸੀ. ਚੰਡੀਗੜ੍ਹ ਨੂੰ ਵੀ ਦਿਤਾ ਗਿਆ ਹੈ। ਅੱਜ ਸ਼ਰਾਬ ਦੇ ਠੇਕੇ ਨੂੰ ਬੰਦ ਕਰਨ ਦੇ ਮਾਮਲੇ ਵਿਚ ਚੰਡੀਗੜ੍ਹ ਪ੍ਰਸ਼ਾਸਨ ਵਿਰੁਧ ਨਾਹਰੇਬਾਜ਼ੀ ਕੀਤੀ ਗਈ। ਇਸ ਸਬੰਧੀ ਬਾਲਮੀਕ ਦਇਆਵਾਨ ਸਭਾ ਧਨਾਸ ਦੇ ਜਨਰਲ ਸਕੱਤਰ ਬਿੱਟੂ ਰਾਣਾ, ਪ੍ਰਧਾਨ ਨਰੇਸ਼ ਲੋਟਾ, ਗੁਲਸ਼ਨ, ਰਾਹੁਲ, ਸਾਗਰ, ਵਿਕਾਸ ਆਦਿ ਲੋਕਾਂ ਨੇ ਮੰਗ ਕਰਦਿਆਂ ਉਕਤ ਸ਼ਰਾਬ ਦੇ ਠੇਕੇ ਨੂੰ ਪਹਿਲ ਦੇ ਆਧਾਰ 'ਤੇ ਬੰਦ ਕਰਵਾਉਣ ਲਈ ਅਪੀਲ ਕੀਤੀ ਹੈ।