ਮੁਸਲਿਮ ਕਲਾਕਾਰ ਬਣਾ ਰਹੇ ਨੇ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ

ਚੰਡੀਗੜ੍ਹ

ਚੰਡੀਗੜ੍ਹ, 27 ਸਤੰਬਰ (ਸਰਬਜੀਤ ਢਿੱਲੋਂ): ਭਾਰਤੀਆਂ ਦਾ ਪੁਰਾਤਨ ਅਤੇ ਰਿਵਾਇਤੀ ਤਿਉਹਾਰ ਦੁਸ਼ਹਿਰਾ 30 ਸਤੰਬਰ ਸਨਿਚਰਵਾਰ ਨੂੰ ਦੇਸ਼ ਭਰ 'ਚ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਇਸ ਲਈ ਚੰਡੀਗਡ੍ਹ ਸ਼ਹਿਰ 'ਚ ਰਾਮਲੀਲਾ ਕਮੇਟੀਆਂ ਵਲੋਂ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਵਿਸ਼ਾਲ ਪੁਤਲੇ ਬੜੇ ਖ਼ੂਬਸੂਰਤ ਤੇ ਰੰਗ-ਬਿਰੰਗੇ ਆਰਟ ਪੇਪਰਾਂ ਨਾਲ ਤਿਆਰ ਕੀਤੇ ਜਾ ਰਹੇ ਹਨ।
ਉੁਨ੍ਹਾਂ ਨੂੰ ਬਣਾਉਣ ਵਾਲੇ ਕਲਾਕਾਰ ਦੂਜੇ ਸੂਬਿਆਂ ਤੋਂ ਚੰਡੀਗੜ੍ਹ ਬੜੇ ਮਹਿੰਗੇ ਰੇਟਾਂ ਉਤੇ ਹਰ ਸਾਲ ਮੰਗਵਾਏ ਜਾਂਦੇ ਹਨ। ਇਨ੍ਹਾਂ ਪੁਤਲਿਆਂ ਨੂੰ ਇਹ ਰਿਵਾਇਤੀ ਕਲਾਕਾਰ ਬੜੀਆਂ ਰੀਝਾਂ ਨਾਲ ਤੇ ਸ਼ਰਧਾ ਨਾਲ ਤਿਆਰ ਕਰਦੇ ਹਨ। ਇਹ ਕਲਾਕਾਰਾਂ 'ਚ ਕੋਈ ਜਾਤੀ ਭੇਦ ਭਾਵ ਨਹੀਂ ਹੁੰਦਾ।
ਸੈਕਟਰ 23 'ਚ ਰਾਮਲੀਲਾ ਕਮੇਟੀ ਵਲੋਂ ਉਤਰ ਪ੍ਰਦੇਸ਼ ਦੇ ਸ਼ਹਿਰ ਬਨਾਰਸ ਤੋਂ ਲਿਆਂਦੇ ਕਲਾਕਾਰ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਕਈ ਦਿਨਾਂ ਤੋਂ ਤਿਆਰ ਕਰ ਰਹੇ ਹਨ। ਉਤਰ ਪ੍ਰਦੇਸ਼ ਤੋਂ ਆਏ ਕਲਾਕਾਰ ਨਵਾਜ ਅਹਿਮਦ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਮੁਸਲਿਮ ਧਰਮ ਨਾਲ ਸਬੰਧ ਰੱਖਦੇ ਹਨ ਪਰ ਉੁਨ੍ਹਾਂ ਅੰਦਰ ਰਾਵਣ ਮੇਘਨਾਥ ਅਤੇ ਭਗਵਾਨ ਰਾਮ ਚੰਦਰ ਤੇ ਲਛਮਣ ਪ੍ਰਤੀ ਭਾਰੀ ਸ਼ਰਧਾ ਹੈ। ਉਹ ਅਪਣੇ 5 ਕਲਾਕਾਰ ਸਾਥੀਆਂਨਾਲ ਚੰਡੀਗੜ੍ਹ ਆ ਕੇ ਪੁਤਲੇ ਤਿਆਰ ਕਦੇ ਹਨ। ਉਨ੍ਹਾਂ ਨੂੰ ਉਦੋਂ ਬੜਾ ਦੁੱਖ ਲਗਦਾ ਹੈ ਜਦੋਂ ਰਾਮਲੀਲਾ ਕਮੇਟੀ ਇਨ੍ਹਾਂ ਨੂੰ ਦੋ ਘੰਟੇ 'ਚ ਜਲਾ ਕੇ ਸਵਾਹ ਕਰ ਦਿੰਦੀ ਹੈ।
ਸੈਕਟਰ 23 ਦੀ ਰਾਮਲੀਲਾ ਕਮੇਟੀ ਦੇ ਪ੍ਰਧਾਨ ਸ੍ਰੀ ਅਗਰਵਾਲ ਨੇ ਕਿਹਾ ਕਿ ਇਨ੍ਹਾਂ ਪੁਤਲਿਆਂ 'ਚ ਭਾਰੀ ਅਤਿਸ਼ਬਾਜ਼ੀ ਸਮੇਤ ਲੱਕੜੀਆਂ, ਬਾਂਸ, ਕੱਪੜੇ ਅਤੇ ਕਈ ਪ੍ਰਕਾਰ ਦੀ ਹੋਰ ਸਮੱਗਰੀ ਉਤੇ ਹਜ਼ਾਰਾਂ ਰੁਪਏ ਖ਼ਰਚ ਹੋ ਜਾਂਦੇ ਹਨ। ਉੁਨ੍ਹਾਂ ਕਿਹਾ ਕਿ ਇਸ ਵਾਰ ਰਾਮਲੀਲਾ ਅਤੇ ਦੁਸ਼ਹਿਰੇ 'ਤੇ ਜੀ.ਐਸ.ਟੀ. ਦਾ ਵੀ ਪ੍ਰਭਾਵ ਹੈ, ਕਿਉਂ ਕਿ ਸਾਜੋ ਸਮਾਨ ਤੇ ਸਮੱਗਰੀ ਦੇ ਰੇਟ ਕਾਫ਼ੀ ਵੱਧ ਗਏ ਹਨ।