ਨੈਸ਼ਨਲ ਹਾਈਵੇ 'ਤੇ ਇਸ ਵਾਰ ਫਿਰ ਲੱਗਣਗੇ ਪਟਾਕਿਆਂ ਦੇ ਨਾਜਾਇਜ਼ ਸਟਾਲ

ਚੰਡੀਗੜ੍ਹ, ਚੰਡੀਗੜ੍ਹ



ਕੁਰਾਲੀ, 18 ਸਤੰਬਰ (ਸੁਖਵਿੰਦਰ ਸਿੰਘ ਸੁੱਖੀ) : ਪ੍ਰਸ਼ਾਸਨ ਵੱਲੋਂ ਲਗਾਈ ਪਾਬੰਦੀ ਦੇ ਬਾਵਜੂਦ ਦੀਵਾਲੀ ਦੇ ਤਿਉਹਾਰ ਦੇ ਇੱਕ ਮਹੀਨਾ ਪਹਿਲਾਂ ਹੀ ਨੈਸ਼ਨਲ ਹਾਈਵੇ 21'ਤੇ  ਆਤਿਸ਼ਬਾਜ਼ੀ ਦੀਆਂ ਨਜਾਇਜ਼ ਸਟਾਲਾਂ ਲਗਾਉਣ ਵਾਲਿਆਂ ਨੇ ਹੁਣ ਤੋਂ ਹੀ ਆਪਣੇ ਇਰਾਦੇ ਜਾਹਿਰ ਕਰਦਿਆਂ ਸੜਕ ਕਿਨਾਰੇ ਚੂਨੇ ਨਾਲ ਨਿਸ਼ਾਨਦੇਹੀ ਕਰਕੇ ਆਪਣੇ ਮੋਬਾਈਲ ਨੰਬਰ ਲਿਖਕੇ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਜ਼ਿਕਰਯੋਗ ਹੈ ਕਿ ਕੁਰਾਲੀ ਸ਼ਹਿਰ ਆਤਿਸ਼ਬਾਜ਼ੀ ਦੇ ਗੜ੍ਹ ਵੱਜੋਂ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਤੱਕ ਮਸ਼ਹੂਰ ਹੈ ਜਿਸ ਲਈ ਵੱਡੀ ਗਿਣਤੀ ਵਿਚ ਲੋਕ ਖਰੀਦਦਾਰੀ ਕਰਨ ਲਈ ਸ਼ਹਿਰ ਵਿਚ ਪਹੁੰਚਦੇ ਹਨ। ਅਜਿਹੇ ਵਿਚ ਪ੍ਰਸ਼ਾਸਨ ਵੱਲੋਂ ਹਰੇਕ ਸਾਲ ਆਤਿਸ਼ਬਾਜ਼ੀ ਲਗਾਉਣ ਲਈ ਸ਼ਹਿਰ ਦੇ ਸਿੰਘਪੁਰਾ ਰੋਡ ਤੇ ਪੁਰਾਣੀ ਪਸ਼ੂ ਮੰਡੀ ਅਤੇ ਸਿਸਵਾਂ ਰੋਡ ਸ਼ਹੀਦ ਬੇਅੰਤ ਸਿੰਘ ਸਟੇਡੀਅਮ ਵਿਖੇ ਖੁੱਲੀਆਂ ਥਾਵਾਂ ਤੇ ਸਟਾਲ ਲਗਾਉਣ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ ਪਰ ਇਨ੍ਹਾਂ ਹੁਕਮਾਂ ਨੂੰ ਤੁਸੀ ਜਾਣਦੇ ਹੋਏ ਲੋਕਾਂ ਵੱਲੋਂ ਹਰੇਕ ਸਾਲ ਸ਼ਹਿਰ ਵਿਚੋਂ ਗੁਜਰਦੇ ਨੈਸ਼ਨਲ ਹਾਈਵੇ 21 'ਤੇ ਨਜਾਇਜ਼ ਆਤਿਸ਼ਬਾਜ਼ੀ ਦੀਆਂ ਸਟਾਲਾਂ ਲਗਾਈਆਂ ਜਾਂਦੀਆਂ ਹਨ। ਪ੍ਰਸ਼ਾਸਨ ਦੇ ਹੁਕਮ ਕਾਗਜਾਂ ਤੱਕ ਹੀ ਸੀਮਤ ਰਹਿ ਜਾਂਦੇ ਹਨ ਜਿਸ ਕਾਰਨ ਲੋਕ ਨੈਸ਼ਨਲ ਹਾਈਵੇ 21 'ਤੇ ਦੇ ਨਾਲ ਨਾਲਮੋਰਿੰਡਾ ਰੋਡ ਤੇ ਵੀ ਨਜਾਇਜ਼ ਸਟਾਲ ਲਗਾਕੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹਨ।

ਸਰਕਾਰੀ ਹੁਕਮਾਂ ਦੀ ਉਲੰਘਣਾ ਕਰ ਨੈਸ਼ਨਲ ਹਾਈਵੇ 21 ਸਮੇਤ ਲਿੰਕ ਰੋਡ ਤੇ ਸੈਂਕੜੇ ਨਜਾਇਜ਼ ਪਟਾਖਿਆਂ ਦੇ ਸਟਾਲ ਲਗਾਕੇ ਸ਼ਹਿਰ ਨੂੰ ਬਾਰੂਦ ਦੇ ਢੇਰ ਤੇ ਰੱਖਿਆ ਜਾਂਦਾ ਹੈ। ਸ਼ਹਿਰ ਦੇ ਨੈਸ਼ਨਲ ਹਾਈਵੇ 21 ਤੇ ਲੱਗਣ ਵਾਲੀਆਂ ਪਟਾਖਿਆਂ ਦੀਆਂ ਦੁਕਾਨਾਂ ਕਾਰਨ ਸ਼ਹਿਰ ਵਿਚ ਤਿਉਹਾਰਾਂ ਦੇ ਦਿਨਾਂ ਵਿਚ ਜਾਮ ਲੱਗਿਆ ਰਹਿੰਦਾ ਹੈ ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੰਨਾ ਕੁਝ ਹੋਣ ਦੇ ਬਾਵਜੂਦ ਪ੍ਰਸ਼ਾਸਨ ਇਨ੍ਹਾਂ ਨਜਾਇਜ਼ ਪਟਾਖਿਆਂ ਦੀਆਂ ਦੁਕਾਨਾਂ ਨੂੰ ਰੋਕਣ ਵਿਚ ਨਾਕਾਮ ਸਾਬਿਤ ਹੁੰਦਾ ਹੈ।
ਲਾਇਸੈਂਸ ਲੈਣ ਵਾਲਿਆਂ ਨਾਲੋਂ ਕਈ ਗੁਣਾ ਵਧ ਲਗਦੀਆਂ ਹਨ ਦੁਕਾਨਾਂ : ਸ਼ਹਿਰ ਵਿਚ ਆਤਿਸ਼ਬਾਜ਼ੀ ਦੇ ਲਾਇਸੈਂਸ ਹੋਲਡਰ ਨਾ ਮਾਤਰ ਹਨ ਤੇ ਇਕ ਹੀ ਲਾਇਸੈਂਸ ਉੱਤੇ ਵਪਾਰੀਆਂ ਵੱਲੋਂ ਕਈ ਕਈ ਦੁਕਾਨਾਂ ਖੋਲਕੇ ਪਟਾਖੇ ਵੇਚੇ ਜਾਂਦੇ ਹਨ ਅਤੇ ਦੀਵਾਲੀ ਦੇ ਕੁਝ ਦਿਨ ਪਹਿਲਾਂ ਬਗੈਰ ਲਾਇਸੈਂਸ ਤੋਂ ਸੈਂਕੜੇ ਦੀ ਗਿਣਤੀ ਵਿਚ ਪਟਾਖਿਆਂ ਦੀਆਂ ਦੁਕਾਨਾਂ ਸ਼ਹਿਰ ਦੇ  ਵੱਖ ਵੱਖ ਹਿੱਸਿਆਂ ਸਮੇਤ ਨੈਸ਼ਨਲ ਹਾਈਵੇ ਤੇ ਸੱਜ ਜਾਂਦੀਆਂ ਹਨ। ਇਨ੍ਹਾਂ ਦੁਕਾਨਦਾਰਾਂ ਵੱਲੋਂ ਪ੍ਰਸ਼ਾਸਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੇ ਨਾਲ ਨਾਲ ਨਜਾਇਜ਼ ਪਟਾਖੇ ਲਗਾਉਣ ਵਾਲੇ ਲੋਕ ਸ਼ਰੇਆਮ ਸਰਕਾਰ ਦੇ ਖਜਾਨੇ ਨੂੰ ਚੂਨਾ ਲਗਾਉਂਦੇ ਹਨ।