ਐਸ.ਏ.ਐਸ. ਨਗਰ, 4 ਨਵੰਬਰ (ਗੁਰਮੁਖ ਵਾਲੀਆ) : ਵੀਰਵਾਰ ਦੇਰ ਸ਼ਾਮ ਫ਼ੇਜ਼-7 ਵਿਖੇ ਮਾਰਕੀਟ ਵਿਚ ਉਸ ਵੇਲੇ ਹੰਗਾਮਾ ਹੋ ਗਿਆ ਜਦ ਗੋਬਿੰਦ ਸਵੀਟਸ ਦੇ ਮਾਲਕ ਸਤਵੰਤ ਸਿੰਘ ਅਪਣਾ ਆਪਾ ਖੋਹ ਕੇ ਇੰਨਕ੍ਰੋਚਮੈਂਟ ਹਟਾਉਣ ਗਈ ਨਗਰ ਨਿਗਮ ਦੀ ਟੀਮ ਨਾਲ ਗਾਲੀ-ਗਲੌਚ ਕਰਨ ਲੱਗੇ ਅਤੇ ਗੁੱਸੇ ਵਿਚ ਆ ਕੇ ਉਸ ਨੇ ਜਿਥੇ ਨਿਗਮ ਅਧਿਕਾਰੀਆਂ ਨਾਲ ਧੱਕਾ-ਮੁੱਕੀ ਕੀਤੀ, ਉਥੇ ਉਨ੍ਹਾਂ ਦੀ ਗੱਡੀ ਦਾ ਪਿੱਛਾ ਕਰਦੇ ਹੋਏ ਉਨ੍ਹਾਂ ਨੂੰ ਗਾਲਾਂ ਕਢਦਿਆਂ ਧਮਕੀਆਂ ਦਿਤੀਆਂ। ਇਸ ਸਬੰਧੀ ਨਗਰ ਨਿਗਮ ਦੇ ਸੁਪਰੀਡੈਂਟ ਜਸਵਿੰਦਰ ਸਿੰਘ ਨੇ ਦਸਿਆ ਕਿ ਵੀਰਵਾਰ ਦੇਰ ਸ਼ਾਮ ਕਰੀਬ 6:30 ਵਜੇ ਉਹ ਇੰਸਪੈਕਟਰ ਸੁਰਜੀਤ ਸਿੰਘ ਅਤੇ ਅਪਣੀ ਹੋਰ ਟੀਮ ਨੂੰ ਨਾਲ ਲੈ ਕੇ ਫ਼ੇਜ਼-7 ਵਿਚ ਲੱਗਣ ਵਾਲੀ ਰੇਹੜੀ-ਫੜ੍ਹੀ ਅਤੇ ਦੁਕਾਨਦਾਰਾਂ ਵਲੋਂ ਬਰਾਮਦਿਆਂ ਵਿਚ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਹਟਾਉਣ ਦੀ ਕਾਰਵਾਈ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਦ ਇੰਸਪੈਕਟਰ ਸੁਰਜੀਤ ਸਿੰਘ ਗੋਬਿੰਦ ਸਵੀਟਸ 'ਤੇ ਪਹੁੰਚੇ ਤਾਂ ਉਨ੍ਹਾਂ ਦੁਕਾਨ ਮਾਲਕ ਸਤਵੰਤ ਸਿੰਘ ਨੂੰ ਬਰਾਮਦੇ ਵਿਚ ਲੱਗੇ ਫ਼ੂਡ ਦੇ ਸਟਾਲ ਹਟਾਉਣ ਦੀ ਗੱਲ ਕੀਤੀ ਜਿਸ 'ਤੇ ਸਤਵੰਤ ਸਿੰਘ ਭੜਕ ਗਿਆ ਅਤੇ ਉਸ ਨੇ ਨਿਗਮ ਕਰਮਚਾਰੀ ਨਾਲ ਗੰਦੀ ਭਾਸ਼ਾ ਵਿਚ ਗੱਲ ਕਰਦਿਆਂ ਉਨ੍ਹਾਂ ਨੂੰ ਧਮਕੀ ਦਿਤੀ ਕਿ ਉਨ੍ਹਾਂ ਵਰਗੇ ਪੰਜਾਹ ਲੋਕ ਇੱਥੇ ਘੁੰਮਦੇ ਹਨ। ਦੂਜੇ ਪਾਸੇ ਕਬਜ਼ਾ ਹਟਵਾ ਰਹੇ ਜਸਵਿੰਦਰ ਸਿੰਘ ਨੇ ਉਨ੍ਹਾਂ ਦੀ ਗੱਲ ਸੁਣੀ ਅਤੇ ਉਨ੍ਹਾਂ ਨਿਗਮ ਅਧਿਕਾਰੀ ਨਾਲ ਅਜਿਹੀ ਗੱਲ ਕਰਨ 'ਤੇ ਟੋਕਿਆ ਅਤੇ ਕਿਹਾ ਕਿ ਉਹ ਸਰਕਾਰੀ ਕੰਮ ਵਿਚ ਅੜਚਨ ਪਾ ਰਹੇ ਹਨ ਜੋ ਗ਼ਲਤ ਹੈ। ਉਨ੍ਹਾਂ ਦਸਿਆ ਕਿ ਸਤਵੰਤ ਸਿੰਘ ਨੇ ਜਦ ਉਸ ਨੇ ਅਪਣੀਆਂ ਸਾਰੀਆਂ ਹੱਦਾ ਪਾਰ ਕਰ ਦਿਤੀਆਂ ਤਾਂ ਉਨ੍ਹਾਂ ਕਰਮਚਾਰੀਆਂ ਨੂੰ ਦੁਕਾਨ ਦੇ ਬਾਹਰ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਉਣ ਦੇ ਨਿਰਦੇਸ਼ ਦਿਤੇਅਤੇ ਸਟਾਲ ਨੂੰ ਗੱਡੀ ਵਿੱਚ ਲੱਦਣ ਨੂੰ ਕਿਹਾ ਜਿਸ 'ਤੇ ਸਤਵੰਤ ਸਿੰਘ ਉਨ੍ਹਾਂ ਨੂੰ ਗਾਲਾਂ ਕੱਢਣ ਲੱਗ ਪਿਆ ਅਤੇ ਉਸ ਨਾਲ ਧੱਕਾ ਮੁੱਕੀ ਕਰਨ ਲੱਗ ਪਿਆ। ਸੁਪਰੀਡੈਂਟ ਜਸਵਿੰਦਰ ਸਿੰਘ ਨੇ ਦਸਿਆ ਕਿ ਜਦ ਉਹ ਉਸ ਦਾ ਸਮਾਨ ਜ਼ਬਤ ਕਰ ਕੇ ਜਾਣ ਲੱਗੇ ਤਾਂ ਸਤਵੰਤ ਸਿੰਘ ਨੇ ਉਨ੍ਹਾਂ ਦੀ ਗੱਡੀ ਦਾ ਪਿੱਛਾ ਕੀਤਾ ਅਤੇ ਗੁਰਦੁਆਰਾ ਅੰਬ ਸਾਹਿਬ ਨੇੜੇ ਲਾਇਟਾਂ 'ਤੇ ਉਸ ਨੇ ਅਪਣੀ ਗੱਡੀ ਦੇ ਨਾਲ ਲਾ ਦਿਤੀ ਅਤੇ ਉਨ੍ਹਾਂ ਨੂੰ ਗ਼ਲਤ ਇਸ਼ਾਰੇ ਕਰਦਿਆਂ ਗਾਲਾਂ ਕਢੀਆਂ। ਉਨ੍ਹਾਂ ਜਦੋਂ ਸਤਵੰਤ ਸਿੰਘ ਦੀ ਵੀਡੀਉ ਬਣਾਈ ਤਾਂ ਉਸ ਨੇ ਗੱਡੀ ਦਾ ਸ਼ੀਸ਼ਾ ਉੱਪਰ ਕਰ ਕੇ ਉੱਥੋਂ ਗੱਡੀ ਭਜਾ ਲਈ। ਨਗਰ ਨਿਗਮ ਦੇ ਸੁਪਰੀਡੈਂਟ ਜਸਵਿੰਦਰ ਸਿੰਘ ਨੇ ਦਸਿਆ ਕਿ ਗੋਬਿੰਦ ਸਵੀਟਸ ਦੇ ਮਾਲਿਕ ਸਤਵੰਤ ਸਿੰਘ ਵਲੋਂ ਸਰਕਾਰੀ ਕੰਮ ਵਿਚ ਅੜਚਨ ਪਾਈ ਗਈ ਅਤੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਗਾਲਾਂ ਅਤੇ ਦਿਤੀ ਗਈ ਧਮਕੀ ਬਾਰੇ ਉਨ੍ਹਾਂ ਤੁਰਤ ਜੁਆਇੰਟ ਕਮਿਸ਼ਨਰ ਅਵਨੀਤ ਕੌਰ ਨੂੰ ਫ਼ੋਨ ਕਰ ਕੇ ਮਾਮਲੇ ਦੀ ਜਾਣਕਾਰੀ ਦਿਤੀ। ਜਿਸ ਤੋਂ ਬਾਅਦ ਉਨ੍ਹਾਂ ਮਟੌਰ ਥਾਣੇ ਪੁਲਿਸ ਨੂੰ ਸ਼ਿਕਾਇਤ ਦੇਣ ਦੀ ਹਦਾਇਤਾਂ ਦਿਤੀਆਂ। ਉਨ੍ਹਾਂ ਦਸਿਆ ਕਿ ਉਨ੍ਹਾਂ ਵਲੋਂ ਮਟੌਰ ਥਾਣੇ 'ਚ ਸਤਵੰਤ ਸਿੰਘ ਵਿਰੁਧ ਸ਼ਿਕਾਇਤ ਦੇ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।ਇਸ ਸਬੰਧੀ ਜਦ ਗੋਬਿੰਦ ਸਵੀਟਸ ਦੇ ਮਾਲਕ ਸਤਵੰਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਕਿਸੇ ਨਾਲ ਕੋਈ ਧੱਕਾ ਮੁੱਕੀ ਨਹੀਂ ਕੀਤੀ ਅਤੇ ਨਾ ਹੀ ਕਿਸੇ ਅਧਿਕਾਰੀ ਨੂੰ ਗਾਲਾਂ ਕੱਢੀਆਂ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀ ਆਪ ਹੀ ਉਨ੍ਹਾਂ ਦਾ ਸਮਾਨ ਚੁੱਕ ਕੇ ਲੈ ਗਏ।