ਨਵੇਂ ਵਰ੍ਹੇ 'ਚ ਅਧੂਰੇ ਪ੍ਰਾਜੈਕਟ ਪੂਰੇ ਹੋਣ ਦੀ ਆਸ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 1 ਜਨਵਰੀ (ਸਰਬਜੀਤ ਢਿੱਲੋਂ) : ਨਵੇਂ ਵਰ੍ਹੇ 2018 'ਚ ਸੋਹਣੇ ਸ਼ਹਿਰ ਚੰਡੀਗੜ੍ਹ ਨੂੰ ਕੇਂਦਰੀ ਸਹਾਇਤਾ ਨਾਲ ਕੁੱਝ ਪੁਰਾਣੇ ਤੇ ਰੁਕੇ ਹੋਏ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ ਅਹਿਮ ਪ੍ਰਾਪਤੀਆਂ ਹੋਣ ਦੀ ਉਮੀਦ ਬੱਝੀ ਹੈ ਪਰੰਤੂ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਦਰਪੇਸ਼ ਤੇ ਕਾਫ਼ੀ ਚੁਨੌਤੀਆਂ ਦਾ ਵੀ ਸਾਹਮਣਾ ਕਰਨਾ ਪਵੇਗਾ। ਸੂਤਰਾਂ ਅਨੁਸਾਰ ਕੇਂਦਰ ਵਲੋਂ ਚੰਡੀਗੜ੍ਹ ਸ਼ਹਿਰ ਤੇ ਆਸ-ਪਾਸ ਵਸੇ ਹੁਣ ਟਰਾਈ ਸਿਟੀ ਸ਼ਹਿਰਾਂ ਲਈ ਜਿਹੜੇ ਪ੍ਰਾਜੈਕਟ 2017 'ਚ ਦਿਤੇ ਸਨ ਪ੍ਰੰਤੂ ਤਕਨੀਕੀ ਕਾਰਨਾਂ ਕਰ ਕੇ ਨੇਪਰ੍ਹੇ ਨਹੀਂ ਚੜ੍ਹ ਸਕੇ, ਉਨ੍ਹਾਂ ਦੇ ਨਵੇਂ ਵਰ੍ਹੇ 'ਚ ਮੁਕੰਮਲ ਹੋਣ ਦੀ ਉਮੀਦ ਹੈ, ਜਿਸ ਨਾਲ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਦੀ ਵਸੋਂ, ਜਿਹੜੇ ਚੰਡੀਗੜ੍ਹ ਨਾਲ ਲਗਾਤਾਰ ਜੁੜੇ ਰਹਿੰਦੇ ਹਨ, ਨੂੰ ਸੁੱਖ-ਸਹੂਲਤਾਂ ਮਿਲਣ ਦੀ ਉਮੀਦ ਹੈ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਆਸ ਕਰਨੀ ਪਵੇਗੀ ਕਿ 2018 ਦਾ ਵਰ੍ਹਾ ਉਨ੍ਹਾਂ ਲਈ ਵਿਕਾਸ ਲੈ ਕੇ ਆਵੇਗਾ।

ਟ੍ਰਿਬਿਊਨ ਚੌਕ 'ਤੇ ਬਣੇਗਾ ਫ਼ਲਾਈਓਵਰ : ਕੇਂਦਰੀ ਨੈਸ਼ਨਲ ਹਾਈਵੇਅ ਮੰਤਰਾਲੇ ਦੀ ਸਹਾਇਤਾ ਨਾਲ ਅਤੇ ਸਾਂਸਦ ਕਿਰਨ ਖੇਰ ਦੀ ਪਹਿਲ 'ਤੇ ਟ੍ਰਿਬਿਊਨ ਚੌਕ 'ਤੇ ਸ਼ਹਿਰ ਦਾ ਪਹਿਲਾ ਫਲਾਈਓਵਰ ਇਸੇ ਸਾਲ 2018 'ਚ ਸ਼ੁਰੂ ਹੋਵੇਗਾ, ਜਿਸ ਨਾਲ ਪੰਜਾਬ, ਹਰਿਆਣਾ ਤੇ ਹਿਮਾਚਲ ਆਉਣ-ਜਾਣ ਵਾਲੇ ਟ੍ਰੈਫ਼ਿਕ ਤੋਂ ਨਿਜਾਤ ਮਿਲੇਗੀ। ਚੰਡੀਗੜ੍ਹ ਪ੍ਰਸ਼ਾਸਨ ਦੇ ਇੰਜੀਨੀਅਰ ਵਿਭਾਗ ਵਲੋਂ ਇਸ ਪ੍ਰਾਜੈਕਟ ਲਈ ਡੀ.ਪੀ.ਆਰ. ਰੀਪੋਰਟ ਤਿਆਰ ਕਰ ਲਈ ਹੈ। ਇਸ ਲਈ ਸਲਾਹਕਾਰ ਕੰਪਨੀ ਵੀ ਫਾਈਨਲ ਕੀਤੀ ਜਾ ਚੁਕੀ ਹੈ, ਜਿਸ ਦੀ ਨਿਗਰਾਨੀ ਹੇਠਾਂ ਇਹ ਪੁਲ ਬਣਾਇਆ ਜਾਵੇਗਾ। ਪੁਲ 'ਤੇ 350 ਕਰੋੜ ਰੁਪਏ ਖ਼ਰਚ ਹੋਣ ਦਾ ਅਨੁਮਾਨ ਹੈ।40 ਬਸਾਂ ਕਰਨਗੀਆਂ ਸਿਟੀ ਬਸ ਸੇਵਾ ਨੂੰ ਮਜ਼ਬੂਤ : ਚੰਡੀਗੜ੍ਹ ਪ੍ਰਸ਼ਾਸਨ ਸ਼ਹਿਰ 'ਚ ਸਿਟੀ ਬਸ ਸੇਵਾ ਨੂੰ ਮਜ਼ਬੂਤ ਕਰਨ ਲਈ 20 ਨਵੀਆਂ ਲੰਬੇ ਰੂਟਾਂ 'ਤੇ ਬਸਾਂ ਚਲਾਉਣ ਲਈ ਸੀਟੀਯੂ ਦੇ ਬੇੜੇ 'ਚ ਨਵੀਆਂ ਬਸਾਂ ਖਰੀਦੇਗੀ। ਇਸ ਤੋਂ ਇਲਾਵਾ ਚੰਡੀਗੜ੍ਹ ਸ਼ਹਿਰ 'ਚ ਟਰਾਂਸਪੋਰਟ ਵਿਭਾਗ ਪ੍ਰਦੂਸ਼ਣ ਘਟਾਉਣ ਲਈ 20 ਨਵੀਆਂ ਇਲੈਕਟ੍ਰਿਕ ਬਸਾਂ ਵੀ ਖ਼ਰੀਦੀਆਂ ਜਾਣਗੀਆਂ, ਜਿਸ ਲਈ ਕੇਂਦਰ ਨੇ 24.50 ਕਰੋੜ ਰੁਪਏ ਚੰਡੀਗੜ੍ਹ ਪ੍ਰਸ਼ਾਸਨ ਨੂੰ ਗ੍ਰਾਂਟ ਦਿਤੀ ਹੋਈ ਹੈ।