ਪਾਣੀ, ਬਿਜਲੀ ਦੀਆਂ ਕੀਮਤਾਂ ਅਤੇ ਬਸਾਂ ਦੇ ਕਿਰਾਏ 'ਚ ਹੋਵੇਗਾ ਵਾਧਾ
ਚੰਡੀਗੜ੍ਹ, 18 ਜਨਵਰੀ (ਸਰਬਜੀਤ ਢਿੱਲੋਂ) : ਚੰਡੀਗੜ੍ਹ ਪ੍ਰਸ਼ਾਸਨ ਦੇ ਘਾਟੇ ਵਿਚ ਚਲ ਰਹੇ ਟਰਾਂਸਪੋਰਟ ਵਿਭਾਗ ਵਲੋਂ ਸੀਟੀਯੂ ਦੀਆਂ ਬਸਾਂ ਦੇ ਕਿਰਾਏ 'ਚ ਛੇਤੀ ਵਾਧਾ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਬਿਜਲੀ ਵਿਭਾਗ ਵੀ 200 ਕਰੋੜ ਰੁਪਏ ਦਾ ਘਾਟਾ ਪੂਰਾ ਕਰਨ ਲਈ 1 ਅਪ੍ਰੈਲ ਤੋਂ ਬਿਜਲੀ ਦੀਆਂ ਦਰਾਂ 'ਚ 20 ਫ਼ੀ ਸਦੀ ਵਾਧਾ ਕਰਨ ਲਈ ਸ਼ਹਿਰ ਵਾਸੀਆਂ 'ਤੇ ਵਾਧੂ ਟੈਕਸਾਂ ਦਾ ਬੋਝ ਪਾਉਣ ਦੀ ਤਿਆਰੀ ਵਿਚ ਹੈ। ਪੈਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਪਹਿਲਾਂ ਹੀ ਵਾਧਾ ਹੋਣ ਕਾਰਨ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਧਰ, ਨਗਰ ਨਿਗਮ ਵਲੋਂ ਸ਼ਹਿਰ 'ਚ ਪੀਣ ਵਾਲੇ ਪਾਣੀ ਦੇ ਰੇਟਾਂ 'ਚ 20 ਤੋਂ 75 ਫ਼ੀ ਸਦੀ ਤਕ ਰੇਟ ਵਧਾਉਣ ਲਈ ਨਿਗਮ ਦੀ 30 ਜਨਵਰੀ ਨੂੰ ਹੋਣ ਵਾਲੀ ਮੀਟਿੰਗ 'ਚ ਏਜੰਡਾ ਲਿਆਂਦਾ ਜਾ ਰਿਹਾ ਹੈ।ਸੀਟੀਯੂ ਦੀਆਂ ਬਸਾਂ ਦੇ ਕਿਰਾਏ 'ਚ ਵਾਧਾ : ਚੰਡੀਗੜ੍ਹ ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਵਲੋਂ ਸ਼ਹਿਰ 'ਚ ਚਲ ਰਹੀਆਂ ਸੀਟੀਯੂ ਦੀਆਂ ਬਸਾਂ ਦੇ ਕਿਰਾਏ 'ਚ ਅਗਲੇ ਦਿਨਾਂ 'ਚ 10 ਤੋਂ 15 ਫ਼ੀ ਸਦੀ ਤਕ ਵਾਧਾ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਵਿਭਾਗ 80 ਕਰੋੜ ਰੁਪਏ ਦੇ ਵਿੱਤੀ ਘਾਟੇ 'ਚ ਚੱਲ ਰਿਹਾ ਹੈ, ਜੋ ਕਿ ਅਗਲੇ ਦਿਨਾਂ 'ਚ 100 ਕਰੋੜ ਰੁਪਏ ਤਕ ਪੁੱਜ ਸਕਦਾ ਹੈ।
ਸੀਟੀਯੂ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਪ੍ਰਸ਼ਾਸਨ ਨੇ ਵਿਭਾਗ ਦੀ ਮੰਗ 'ਤੇ ਚਾਰ ਸਾਲ ਪਹਿਲਾਂ ਬਸਾਂ ਦੇ ਕਿਰਾਏ 'ਚ ਵਾਧਾ ਕੀਤਾ ਸੀ ਪਰੰਤੂ ਦੁਬਾਰਾ ਰੇਟ ਨਹੀਂ ਵਧਣ ਦਿਤੇ ਸਨ। ਉਨ੍ਹਾਂ ਕਿਹਾ ਕਿ ਹੁਣ ਵਿਭਾਗ ਬਿਨਾਂ ਕਿਰਾਇਆ ਵਧਾਏ ਕੰਮ ਕਾਜ ਨਹੀਂ ਚਲਾ ਸਕਦਾ।ਜ਼ਿਕਰਯੋਗ ਹੈ ਕਿ ਸੀਟੀਯੂ ਨੇ 2016 'ਚ ਵੀ ਘਾਟਾ ਪੂਰਾ ਕਰਨ ਲਈ ਬਸਾਂ ਦੇ ਕਿਰਾਏ 'ਚ ਵਾਧਾ ਕਰਨ ਦੀ ਤਜਵੀਜ਼ ਪ੍ਰਸ਼ਾਸਨ ਨੂੰ ਭੇਜੀ ਸੀ ਪਰੰਤੂ ਪ੍ਰਸ਼ਾਸਨ ਦੇ ਟਰਾਂਸਪੋਰਟ ਸਕੱਤਰ ਨੇ ਰੋਕ ਲਗਾ ਦਿਤੀ ਸੀ। ਸੀਟੀਯੂ ਦਾ ਖ਼ਰਚ 220 ਕਰੋੜ ਰੁਪਏ ਦੇ ਮੁਕਾਬਲੇ ਕਮਾਈ 140 ਕਰੋੜ ਰੁਪਏ ਹੈ।ਨਗਰ ਨਿਗਮ ਦੇ ਸਹਾਇਕ ਕਮਿਸ਼ਨ ਅਨੁਰਾਗ ਅਨੁਸਾਰ ਸ਼ਹਿਰ 'ਚ 29 ਮਿਲੀਅਨ ਗੈਲਨ ਲੀਟਰ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ। ਇਸ ਲਈ 50 ਫ਼ੀ ਸਦੀ ਘਾਟਾ ਸਹਿਣਾ ਪੈਂਦਾ ਹੈ, ਜਿਸ ਕਾਰਨ ਹੀ ਰੇਟ ਵਧਾਉਣੇ ਲਾਜ਼ਮੀ ਹੋ ਗਏ ਹਨ।ਦਸਣਯੋਗ ਹੈ ਕਿ ਇਸ ਤਰ੍ਹਾਂ ਚੰਡੀਗੜ੍ਹ ਸ਼ਹਿਰ 'ਚ ਬਿਜਲੀ, ਪਾਣੀ ਅਤੇ ਬਸਾਂ ਦੇ ਕਿਰਾਏ 'ਚ ਵਾਧਾ ਕਰਨ ਨਾਲ ਸ਼ਹਿਰ ਵਾਸੀਆਂ ਦੀਆਂ ਜੇਬਾਂ 'ਤੇ ਨਿਗਮ ਭਾਰੀ ਬੋਝ ਪਾਉਣ ਜਾ ਰਿਹਾ ਹੈ।