ਪਹਿਲੀ ਅੰਤਰਰਾਸ਼ਟਰੀ ਚੰਡੀਗੜ੍ਹ ਮੈਰਾਥਨ ਦਸੰਬਰ 'ਚ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 24 ਸਤੰਬਰ (ਸੁਖਵਿੰਦਰ ਭਾਰਜ) : ਚੰਡੀਗੜ੍ਹ ਪ੍ਰਸ਼ਾਸਨ, ਖੇਡ ਵਿਭਾਗ, ਅਥਲੈਟਿਕ ਫ਼ੈਡਰੇਸ਼ਨ ਆਫ਼ ਇੰਡੀਆ ਅਤੇ ਚੰਡੀਗੜ੍ਹ ਐਥਲੈਟਿਕ ਐਸੋਸੀਏਸ਼ਨ ਦੇ ਸਹਿਯੋਗ ਨਾਲ 'ਸਪੋਰਟਸ-13' ਵਲੋਂ ਪਹਿਲੀ ਅੰਤਰਰਾਸ਼ਟਰੀ ਚੰਡੀਗੜ੍ਹ ਮੈਰਾਥਨ 10 ਦਸੰਬਰ (ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ) ਨੂੰ ਕੈਪੀਟਲ ਕੰਪਲੈਕਸ 'ਚ ਕਰਵਾਈ ਜਾਵੇਗੀ। ਯੂਟੀ ਗੈਸਟ ਹਾਊਸ 'ਚ ਇਕ ਪ੍ਰੈੱਸ ਕਾਨਫ਼ਰੰਸ ਵਿਚ ਯੂ.ਟੀ. ਦੇ ਟੂਰਿਜਮ ਨਿਰਦੇਸ਼ਕ ਜਤਿੰਦਰ ਯਾਦਵ ਨੇ ਕਿਹਾ, ''ਅਸੀਂ ਟ੍ਰਾਈਸਿਟੀ ਅਤੇ ਇਸ ਰੀਜਨ ਤੋਂ 15,000 ਨਾਲੋਂ ਜ਼ਿਆਦਾ ਫਿਟਨੈਸ ਅਤੇ ਖੇਡ ਪ੍ਰੇਮੀਆਂ ਦੀ ਭਾਗੀਦਾਰੀ ਦੀ ਆਸ ਕਰ ਰਹੇ ਹਾਂ। ਕੇਨੀਆ, ਇਥੋਪੀਆ ਅਤੇ ਜਪਾਨ ਦੇ ਐਥਲੀਟ ਵੀ ਇਸ ਮੈਰਾਥਨ ਦਾ ਹਿੱਸਾ ਬਣਨਗੇ, ਅਜਿਹੀ ਮਜ਼ਬੂਤ ਸੰਭਾਵਨਾ ਹੈ।''
ਮੈਰਾਥਨ 'ਚ ਭਾਗ ਲੈਣ ਦੇ ਲਈ ਪੁਰਸ਼ਾਂ ਅਤੇ ਔਰਤਾਂ ਦੀਆਂ ਅਨੇਕ ਸ਼੍ਰੇਣੀਆਂ ਹੋਣਗੀਆਂ, ਜਿਵੇਂ ਕਿ ਰਾਸ਼ਟਰੀ, ਅੰਤਰਰਾਸ਼ਟਰੀ, 40 ਅਤੇ 60 ਪਲੱਸ ਉਮਰ ਸਮੂਹਾਂ ਦੇ ਲੋਕ ਅਤੇ ਸਕੂਲੀ ਬੱਚੇ। ਸਕੂਲੀ ਬੱਚਿਆਂ ਦੇ ਲਈ ਇੱਕ ਖਾਸ ਪ੍ਰੋਗਰਾਮ-3 ਕਿਲੋਮੀਟਰ ਦਾ ਸਕੂਲ ਕੂਲ ਰਨ-ਰਹੇਗਾ, ਜਿਸਦੀ ਥੀਮ ਹੋਵੇਗੀ 'ਬੱਚਿਆਂ 'ਤੇ ਹਮਲਿਆਂ ਵਿਰੁਧ ਅਭਿਆਨ'। ਇਸੇ ਤਰ੍ਹਾਂ ਹੀ, ਔਰਤਾਂ ਦੇ ਲਈ ਇੱਕ ਖਾਸ ਰਨ 'ਫੇਮਿਥਾਨ' 5 ਕਿਲੋਮੀਟਰ ਦਾ ਹੋਵੇਗਾ, ਜਿਸਦੀ ਥੀਮ ਹੋਵੇਗੀ 'ਮਹਿਲਾਓ ਆਓ ਹਮ ਅਪਨੇ ਅਧਿਕਾਰੋਂ ਕੇ ਲਿਏ ਏਕਜੁਟ ਹੋ ਜਾਏਂ'। ਅਪਾਹਿਜਾਂ ਦੇ ਲਈ ਇੱਕ ਵਹੀਲਚੇਅਰ ਰਨ ਵੀ ਆਯੋਜਿਤ ਕੀਤੀ ਜਾਵੇਗੀ।
ਏਸ਼ੀਆਈ ਗੋਲਡ ਮੈਡਲ ਜੇਤੂ ਅਤੇ ਮਸ਼ਹੂਰ ਮੈਰਾਥਨ ਧਾਵਕ, ਡਾ. ਸੁਨੀਤਾ ਗੋਦਰਾ ਨੇ ਕਿਹਾ, ''ਇਹ ਆਯੋਜਨ ਟ੍ਰਾਈਸਿਟੀ ਦੇ ਮੈਰਾਥਨ ਉਤਸਾਹੀ ਲੋਕਾਂ ਦੇ ਲਈ ਇਕ ਵਧੀਆ ਮੌਕਾ ਹੈ।''
ਸਾਬਕਾ ਰਾਸ਼ਟਰੀ ਐਥਲੀਟ ਅਤੇ 'ਸਪੋਰਟਸ 13' ਦੇ ਡਾਇਰੈਕਟਰ, ਸ਼੍ਰੀ ਯਾਦਵਿੰਦਰ ਸਿੰਘ ਨੇ ਕਿਹਾ, 'ਅਸੀਂ ਚਾਹੇ ਦਿੱਲੀ ਏਅਰਟੈਲ ਮੈਰਾਥਨ, ਬੰਬੇ ਸਟੈਂਡਰਡ ਚਾਰਟਡ ਮੈਰਾਥਨ ਜਾਂ ਬੰਗਲੌਰ 10ਦੀ ਤੁਲਨਾਂ 'ਚ ਛੋਟੇ ਲੱਗਣ, ਪਰ ਦਿੱਲੀ ਤੋਂ ਇਲਾਵਾ, ਪੰਜਾਬ ਜਾਂ ਉੱਤਰ ਭਾਰਤ 'ਚ ਕਿਤੇ ਹੋਰ ਹੋ ਚੁੱਕੀ ਕਿਸੇ ਵੀ ਮੈਰਾਥਨ ਦੇ ਮੁਕਾਬਲੇ ਕਾਫ਼ੀ ਅਲਗ ਹਨ।'
ਪ੍ਰੈਸ ਕਾਨਫਰੰਸ 'ਚ ਦੱਸਿਆ ਗਿਆ ਕਿ ਮੁੱਖ ਈਵੈਂਟ ਤੋਂ ਪਹਿਲਾਂ, 7-8 ਦਸੰਬਰ ਨੂੰ ਸਥਾਨਕ ਪ੍ਰਤੀਭਾਗੀਆਂ ਦੇ ਲਈ ਅਤੇ 9 ਦਸੰਬਰ ਨੂੰ ਬਾਹਰੀ ਪ੍ਰਤੀਭਾਗੀਆਂ ਦੇ ਲਈ ਸਵੇਰੇ 11 ਤੋਂ ਸ਼ਾਮੀ 8 ਵਜੇ  ਇਕ ਮੈਰਾਥਨ ਐਕਸਪੋ ਕਰਵਾਈ ਜਾਵੇਗੀ। ਏਸ਼ੀਆਈ ਗੋਲਡ ਮੈਡਲ ਜੇਤੂ ਡਾ. ਸੁਨੀਤਾ ਗੋਦਾਰਾ ਨੇ ਦਸਿਆ ਇਸ ਮੌਕੇ 2 ਰੋਜ਼ਾ ਖ਼ਾਸ ਮੈਰਾਥਨ ਕਲੀਨਿਕ ਕਰਵਾਈ ਜਾਵੇਗੀ। ਪ੍ਰੀ ਮੈਰਾਥਨ ਦਾ ਆਯੋਜਨ ਨਵੰਬਰ 'ਚ ਕੀਤਾ ਜਾਵੇਗਾ।