ਪੰਜਾਬ 'ਵਰਸਟੀ, ਕਾਲਜਾਂ ਤੇ ਸਕੂਲਾਂ 'ਚ ਅਧਿਆਪਕ ਦਿਵਸ ਦੀਆਂ ਰੌਣਕਾਂ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 5 ਸਤੰਬਰ (ਬਠਲਾਣਾ): ਅਧਿਆਪਕ ਦਿਵਸ ਮੌਕੇ ਅੱਜ ਪੰਜਾਬ ਯੂਨੀਵਰਸਟੀ, ਕਾਲਜਾਂ ਅਤੇ ਸਕੂਲਾਂ 'ਚ ਸਮਾਰੋਹ ਕਰਵਾਏ ਗਏ ਜਿਥੇ ਅਧਿਆਪਕਾਂ ਦੀ ਮਹਿਮਾ ਗਈ ਗਈ। ਅਧਿਆਪਕ ਦਿਵਸ ਦਾ ਸੂਬਾ ਪਧਰੀ ਸਮਾਗਮ ਟੈਗੋਰ ਥੀਏਟਰ ਵਿਚ ਕੀਤਾ ਗਿਆ, ਜਿਥੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ 21 ਅਧਿਆਪਕਾਂ ਨੂੰ ਸਨਮਾਨਤ ਕੀਤਾ। ਇਨ੍ਹਾਂ ਵਿਚੋ 15 ਨੂੰ ਸਟੇਟ ਐਵਾਰਡ ਅਤੇ 6 ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦਿਤੇ ਗਏ। ਇਸ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਪ੍ਰੀਮਲ ਰਾਏ ਅਤੇ ਹੋਰ ਸਿਖਿਆ ਅਧਿਕਾਰੀ ਵੀ ਸ਼ਾਮਲ ਸਨ।
ਪੰਜਾਬ ਯੂਨੀਵਰਸਟੀ ਅਧਿਆਪਕ ਐਸੋਸੀਏਸ਼ਨ (ਪੂਟਾ) ਨੇ ਅੱਜ ਅਧਿਆਪਕ ਦਿਵਸ ਮੌਕੇ ਆਮ ਇਜਲਾਸ ਸਦਿਆ, ਜਿਸ ਨੂੰ ਪੁਰਾਣੇ ਅਧਿਆਪਕਾਂ ਪ੍ਰੋ. ਪੀਪੀ. ਆਰੀਆ, ਸਰੂਪ ਸਿੰਘ ਅਤੇ ਪ੍ਰੋ. ਅਨੀਰੁੱਧ ਜੋਸ਼ੀ ਨੇ ਸੰਬੋਧਨ ਕੀਤਾ। ਪੂਟਾ ਪ੍ਰਧਾਨ ਪ੍ਰੋ. ਰਾਜੇਸ਼ ਗਿੱਲ ਨੇ ਦਸਿਆ ਕਿ ਅੱਜ ਦੇ ਇਜਲਾਸ ਵਿਚ ਯੂਨੀਵਰਸਟੀ ਲਈ ਕੇਂਦਰੀ ਦਰਜੇ ਦੀ ਮੰਗ ਸਬੰਧੀ ਮਤਾ ਪਾਸ ਕੀਤਾ ਜੋ ਹੁਣ 10 ਸਤੰਬਰ ਦੀ ਸੈਨੇਟ ਮੀਟਿੰਗ 'ਚ ਰਖਿਆ ਜਾਵੇਗਾ। ਅਧਿਆਪਕਾਂ ਨੇ ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟ ਕੀਤਾ। ਸਰਕਾਰੀ ਸਿਖਿਆ ਕਾਲਜ ਸੈਕਟਰ-20 ਡੀ ਵਿਚ ਅਧਿਆਪਕ ਦਿਵਸ ਮੌਕੇ ਇਕ ਰੋਜ਼ਾ ਐਨ.ਐਸ.ਐਸ. ਕੈਂਪ ਲਾਇਆ ਗਿਆ ਅਤੇ ਕੇਕ ਵੀ ਕਟਿਆ ਗਿਆ। ਕਾਲਜ ਪ੍ਰਿੰਸੀਪਲ ਡਾ. ਹਰਸ਼ ਬੱਤਰਾ ਨੇ ਅੱਜ ਦੇ ਦਿਨ ਦੀ ਮਹੱਤਤਾ ਦੱਸੀ। ਸਰਕਾਰੀ ਗਰਲਜ਼ ਕਾਲਜ ਸੈਕਟਰ-11 ਵਿਖੇ ਅਧਿਆਪਕ ਦਿਵਸ ਮੌਕੇ ਪੌਦੇ ਲਾਏ ਗਏ। ਕਾਲਜ ਪ੍ਰਿੰਸੀਪਲ ਡਾ. ਅਨੀਤਾ ਕੌਸ਼ਲ ਅਨੁਸਾਰ 50 ਤੋਂ ਵੱਧ ਅਧਿਆਪਕਾਂ ਨੇ ਇਸ ਸਮਾਰੋਹ ਵਿਚ ਹਿੱਸਾ ਲਿਆ।
ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸੈਕਟਰ-20 ਬੀ ਵਿਚ ਅਧਿਆਪਕ ਦਿਵਸ ਦੀਆਂ ਰੌਣਕਾਂ ਵੇਖਣ ਨੂੰ ਮਿਲੀਆਂ। ਬੱਚਿਆਂ ਨੇ ਅਪਣੇ ਅਧਿਆਪਕਾਂ ਵਰਗੇ ਰੂਪ ਧਾਰ ਕੇ ਉਨ੍ਹਾਂ ਦੀ ਥਾਂ 'ਤੇ ਡਿਊਟੀ ਦਿਤੀ। ਐਚ.ਡੀਐਫ.ਸੀ. ਬੈਂਕ ਵਲੋਂ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦਿਤੇ ਗਏ। ਸ਼ਹਿਰ ਦੇ ਵੱਖ-ਵੱਖ ਕਾਲਜਾਂ/ਸਕੂਲਾਂ ਵਿਚ ਵੀ ਅਜਿਹੇ ਸਮਾਰੋਹ ਕਰਵਾਏ ਗਏ।