ਪੰਜਾਬ 'ਵਰਸਟੀ ਨੂੰ ਕੇਂਦਰੀ ਯੂਨੀਵਰਸਟੀ ਬਣਾਉਣ ਦਾ ਪ੍ਰਸਤਾਵ ਸੈਨੇਟ 'ਚ ਲਟਕਿਆ

ਚੰਡੀਗੜ੍ਹ



ਚੰਡੀਗੜ੍ਹ, 10 ਸਤੰਬਰ (ਬਠਲਾਣਾ): ਪੰਜਾਬ ਯੂਨੀਵਰਸਟੀ ਨੂੰ ਕੇਂਦਰੀ ਯੂਨੀਵਰਸਟੀ ਬਣਾਉਣ ਦਾ ਪ੍ਰਸਤਾਵ ਅੱਜ ਮੈਂਬਰਾਂ ਦੇ ਭਾਰੀ ਵਿਰੋਧ ਕਾਰਨ ਸੈਨੇਟ 'ਚ ਅੱਧ-ਵਿਚਾਲੇ ਰਹਿ ਗਿਆ। ਇਸ ਨੂੰ ਵਾਪਸ ਸਿੰਡੀਕੇਟ ਵਿਚ ਮੁੜ ਵਿਚਾਰ ਲਈ ਭੇਜਦਾ ਹੈ ਜਾਂ ਫਿਰ 24 ਸਤੰਬਰ ਦੀ ਹੋ ਰਹੀ ਸੈਨੇਟ ਵਿਚ ਵਿਚਾਰਿਆ ਜਾਣਾ ਹੈ, ਇਸ ਬਾਰੇ ਭੰਬਲਭੂਸਾ ਬਣਿਆ ਹੋਇਆ ਹੈ ਪਰ ਪੰਜਾਬ ਦੇ ਕਾਲਜਾਂ ਨਾਲ ਸਬੰਘਤ ਬਹੁਗਿਣਤੀ ਮੈਂਬਰਾਂ ਦੇ ਵਿਰੋਧ ਕਾਰਨ ਇਸ ਦਾ ਪਾਸ ਹੋਣਾ ਸੰਭਵ ਨਹੀਂ ਲਗਦਾ। ਇਸ ਤੋਂ ਪਹਿਲਾਂ ਸਾਲ 2008 ਵਿਚ ਵੀ ਇਸ ਤਰ੍ਹਾਂ ਦਾ ਪ੍ਰਸਤਾਵ ਫੇਲ ਹੋ ਗਿਆ ਸੀ। ਉਸ ਸਮੇਂ ਵੀ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਯੂਨੀਵਰਸਟੀ ਨੂੰ ਕੇਂਦਰੀ ਯੂਨੀਵਰਸਟੀ ਬਣਾਉਦ ਸਬੰਧੀ ਇਤਰਾਜਹੀਣਤਾ ਦਾ ਸਰਟੀਫ਼ੀਕੇਟ ਲਿਖਤੀ ਰੂਪ ਵਿਚ ਦੇ ਦਿਤਾ ਸੀ, ਜੋ ਬਾਅਦ ਵਿਚ ਪੰਜਾਬ ਦੇ ਬੁੱਧੀਜੀਵੀਆਂ ਦੇ ਵਿਰੋਧ ਕਾਰਨ ਵਾਪਸ ਲੈਣਾ ਪਿਆ ਸੀ। ਉਸ ਸਮੇਂ ਪੂਟਾ ਨੇ ਲਗਭਗ 5 ਮਹੀਨੇ ਹੜਤਾਲ ਇਸੇ ਮੁੱਦੇ ਨੂੰ ਲੈ ਕੇ ਕੀਤੀ ਸੀ।

ਅੱਜ ਇਸ ਮਤੇ ਦਾ ਵਿਰੋਧ ਕਰਦਿਆਂ ਸਾਬਕਾ ਵੀ.ਸੀ. ਪ੍ਰੋ. ਬਾਂਬੇ ਨੇ ਸਲਾਹ ਦਿਤੀ ਕਿ ਪਹਿਲਾਂ ਪੰਜਾਬ ਸਰਕਾਰ ਦੀ ਸਹਿਮਤੀ ਲਈ ਜਾਵੇ, ਸਾਬਕਾ ਆਈ.ਏ.ਐਸ. ਅਧਿਕਾਰੀ ਅਤੇ ਪੰਜਾਬ ਸਰਕਾਰ ਦੇ ਸਲਾਹਕਾਰ ਅਮਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਭਰੋਸੇ ਵਿਚ ਲਏ ਬਿਨਾਂ ਇਥੇ ਮਤੇ ਨੂੰ ਪੇਸ਼ ਕਰਨਾ ਗ਼ੈਰ-ਵਾਜਬ ਹੈ। ਇਸੇ ਤਰ੍ਹਾਂ ਪੰਜਾਬ ਯੂਨੀਵਰਸਟੀ ਸਟਾਫ਼ (ਨਾਨ-ਟੀਚਿੰਗ) ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਕੌਸ਼ਿਕ ਸੈਨੇਟ ਮੈਂਬਰਾਂ ਵਰਿੰਦਰ ਸਿੰਘ ਪ੍ਰਿੰਸੀਪਲ ਗੋਸਲ, ਇੰਦਰਜੀਤ ਸਿੰਘ ਸਿੱਧੂ, ਪ੍ਰਿੰਸੀਪਲ ਇਕਬਾਲ ਸਿੰਘ ਸੰਧੂ, ਪ੍ਰੋ ਰਬਿੰਦਰ ਸ਼ਰਮਾ, ਪ੍ਰਭਜੀਤ ਸਿੰਘ, ਪ੍ਰੋ. ਰੌਣਕੀ ਰਾਮ ਸਮੇਤ ਵੱਡੀ ਗਿਣਤੀ ਵਿਚ ਮੈਂਬਰਾਂ ਨੇ ਵਿਰੋਧ ਕੀਤਾ। ਕੇਂਦਰੀ ਯੂਨੀਵਰਸਟੀ ਦੇ ਹੱਕ ਵਿਚ ਬੋਲਣ ਵਾਲਿਆਂ ਵਿਚ ਪੂਟਾ ਪ੍ਰਧਾਨ ਪ੍ਰੋ. ਰਜੇਸ਼ ਗਿੱਲ, ਪ੍ਰੋ. ਗੁਰਮੀਤ ਸਿੰਘ, ਪ੍ਰੋ. ਰਜਤ ਸੰਧੀਰ ਅਤੇ ਪ੍ਰੋ. ਮਲਹੋਤਰਾ ਸਨ, ਜੋ ਯੂਨੀਵਰਸਟੀ ਅਧਿਆਪਕ ਹਨ। ਉਨ੍ਹਾਂ ਨੂੰ ਵਿੱਤੀ ਸੰਕਟ ਦੇ ਚਲਦਿਆਂ ਅਪਣੀਆਂ ਤਨਖ਼ਾਹਾਂ ਦਾ ਫ਼ਿਕਰ ਹੈ ਜਦਕਿ ਇਸ ਦਾ ਵਿਰੋਧ ਕਰਨ ਵਾਲੇ ਇਸ ਨੂੰ ਪੰਜਾਬੀਆਂ ਦੇ ਜਜ਼ਬਾਤਾਂ ਨਾਲ ਜੁੜਿਆ ਹੋਇਆ ਮੁੱਦਾ ਮੰਨਦੇ ਹਨ। ਉਹ ਇਸ ਦੇ ਮੌਜੂਦਾ ਸਥਿਤੀ 'ਚ ਕੋਈ ਬਦਲਾਅ ਨਹੀਂ ਚਾਹੁੰਦੇ।

ਬਜਟ ਘਾਟਾ ਛੂ-ਮੰਤਰ, ਸਿਫ਼ਰ ਘਾਟੇ ਵਾਲਾ ਬਜਟ ਪਾਸ : ਪਿਛਲੇ ਸਾਲਾਂ 'ਚ ਘਾਟੇ ਦਾ ਬਜਟ ਪੇਸ਼ ਕਰਨ ਵਾਲੀ ਪੰਜਾਬ ਯੂਨੀਵਰਸਟੀ ਨੇ ਉਸ ਸਮੇਂ ਸੈਨੇਟ ਮੈਂਬਰਾਂ ਨੂੰ ਹੈਰਾਨ ਕਰ ਦਿਤਾ ਜਿਸ ਸਮੇਂ ਸਾਲ 2017-18 ਦੋ ਸੋਧੇ ਹੋਏ ਬਜਟ ਨੂੰ ਸਿਫ਼ਰ ਘਾਟਾ ਦਿਖਾ ਕੇ ਸੈਨੇਟ ਵਿਚ ਪਾਸ ਕੀਤਾ। ਮੈਂਬਰ ਵੀ ਇਸ ਜਾਦੂਗਿਰੀ ਬਜਟ ਤੋਂ ਹੈਰਾਨ ਸਨ। ਅੱਜ ਪਾਸ ਕੀਤੇ ਬਜਟ ਅਨੁਸਾਰ ਯੂਨੀਵਰਸਟੀ ਦੀ ਆਮਦਨ 527 ਕਰੋੜ 83 ਲੱਖ 50 ਹਜ਼ਾਰ ਰੁਪਏ ਹੋਵੇਗੀ ਅਤੇ ਅਨੁਮਾਨਤ ਖ਼ਰਚਾ ਵੀ 527 ਕਰੋੜ 83 ਲੱਖ 50 ਹਜ਼ਾਰ ਰੁਪਏ ਦਾ ਹੈ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਬਜਟ ਵਿਚ ਕੋਈ ਘਾਟਾ ਨਹੀਂ।

ਇਸ ਬਜਟ ਅਨੁਸਾਰ ਯੂਨੀਵਰਸਟੀ ਦੀ ਅੰਦਰੂਨੀ ਆਮਦਨ 293 ਕਰੋੜ 3 ਲੱਖ 50 ਹਜ਼ਾਰ ਰੁਪਏ ਹੋਵੇਗੀ, ਕੇਂਦਰ ਸਰਕਾਰ ਤੋਂ 207 ਕਰੋੜ 80 ਲੱਖ ਰੁਪਏ ਦੀ ਗਰਾਂਟ ਅਤੇ ਪੰਜਾਬ ਸਰਕਾਰ ਤੋਂ 27 ਕਰੋੜ ਰੁਪਏ ਦੀ ਗਰਾਂਟ ਦਾ ਅਨੁਮਾਨ ਹੈ। ਖ਼ਰਚੇ ਵਿਚ 437 ਕਰੋੜ 18 ਲੱਖ 80 ਹਜ਼ਾਰ ਰੁਪਏ ਮੁਲਾਜ਼ਮਾਂ ਦੀਆਂ ਤਨਖ਼ਾਹਾਂ, ਪੈਨਸ਼ਨਾਂ ਆਦਿ ਅਤੇ ਦੂਜੇ ਖ਼ਰਚਿਆਂ ਵਿਚ 90 ਕਰੋੜ 64 ਲੱਖ 70 ਹਜ਼ਾਰ ਰੁਪÂੈ ਸ਼ਾਮਲ ਹਨ। ਬਹੁਤੇ ਮੈਂਬਰਾਂ ਨੇ ਪੰਜਾਬ ਯੂਨੀਵਰਸਟੀ ਦੀ ਖ਼ੁਦਮੁਖਤਿਆਰੀ ਕਾਇਮ ਦੀ ਵਕਾਲਤ ਕੀਤੀ। ਸਿਫ਼ਰ ਕਾਲ ਵਿਚ ਪ੍ਰਭਜੀਤ ਨੇ ਯੂਨੀਵਰਸਟੀ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਉਠਾਈ, ਪ੍ਰੋ. ਚਮਨ ਲਾਲ ਨੇ ਯੂਨੀਵਰਸਟੀ ਦੇ ਪੁਰਾਣੇ ਅਲੂਮਨੀ ਮੈਂਬਰਾਂ ਲਈ ਗੈਲਰੀ ਬਣਾਉਣ ਦੀ ਮੰਗ ਰੱਖੀ। ਡਾ. ਅਮਰ ਸਿੰਘ ਨੇ ਡਿਗਰੀਆਂ ਨਾਲੋਂ ਹੁਨਰ-ਵਿਕਾਸ ਕੋਰਸਾਂ ਤੇ ਜ਼ੋਰ ਦੇਣ ਦੀ ਮੰਗ ਰੱਖੀ।