ਪੰਜਾਬ 'ਵਰਸਟੀ ਤੇ ਸ਼ਹਿਰ ਦੇ ਕਾਲਜਾਂ ਵਿਚ ਚੋਣ ਪ੍ਰੋਗਰਾਮ ਦਾ ਐਲਾਨ ਜਾਰੀ, ਵੋਟਾਂ 7 ਨੂੰ

ਚੰਡੀਗੜ੍ਹ



ਚੰਡੀਗੜ੍ਹ, 29 ਅਗੱਸਤ (ਬਠਲਾਣਾ) : ਪੰਜਾਬ ਯੂਨੀਵਰਸਟੀ ਅਤੇ ਸ਼ਹਿਰ ਦੇ 11 ਡਿਗਰੀ ਕਾਲਜਾਂ ਵਿਚ 7 ਸਤੰਬਰ ਨੂੰ ਹੋਣ ਵਾਲੀਆਂ ਵਿਦਿਆਰਥੀ ਕੌਂਸਲ ਚੋਣਾਂ ਲਈ ਪ੍ਰੋਗਰਾਮ ਦਾ ਐਲਾਨ ਅੱਜ ਕਰ ਦਿਤਾ ਗਿਆ ਹੈ।
ਪੰਜਾਬ ਯੂਨੀਵਰਸਟੀ ਕੈਂਪਸ ਵਿਦਿਆਰਥੀ ਕੌਂਸਲ ਲਈ ਚੋਣ ਪ੍ਰੋਗਰਾਮ ਦਾ ਐਲਾਨ ਅੱਜ ਰਸਮੀ ਤੌਰ 'ਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਮੈਨੂਅਲ ਨਾਹਰ ਨੇ ਕੀਤਾ। ਚੋਣਾਂ ਦਾ ਐਲਾਨ ਹੁੰਦਿਆਂ ਹੀ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ। ਲਿੰਗਦੋਹ ਕਮੇਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੋਣ ਵਾਲੀਆਂ ਇਨ੍ਹਾਂ ਚੋਣਾਂ ਦੌਰਾਨ ਰੰਗ-ਬਿਰੰਗੇ ਚੋਣ ਪੋਸਟਰ, ਗੱਡੀਆਂ ਦਾ ਕਾਫ਼ਲਾ, ਲਾਊਡ ਸਪੀਕਰ ਆਦਿ 'ਤੇ ਪਾਬੰਦੀ ਰਹੇਗੀ, ਖ਼ਾਸ ਕਰ ਕੇ ਗਰਲਜ਼ ਹੋਸਟਲਾਂ ਵਾਲੇ ਖੇਤਰ ਵਿਚ। ਚੋਣ ਖ਼ਰਚੇ ਵਜੋਂ ਹਰ ਉਮੀਦਵਾਰ ਨੂੰ 5 ਹਜ਼ਾਰ ਰੁਪਏ ਤਕ ਖ਼ਰਚਣ ਦੀ ਆਗਿਆ ਹੈ। ਲਿੰਗਦੋਹ ਕਮੇਟੀ ਚੋਣ ਪ੍ਰਚਾਰ ਵਿਚ ਸਿਆਸੀ ਪਾਰਟੀਆਂ ਦੇ ਦਖ਼ਲ ਤੋਂ ਮਨ੍ਹਾ ਕਰਦੀ ਹੈ। ਦੂਜਾ ਅਜਿਹੀਆਂ ਪਾਰਟੀਆਂ ਤੋਂ ਚੋਣ ਫ਼ੰਡ ਲੈਣ 'ਤੇ ਵੀ ਪਾਬੰਦੀ ਹੈ।
15 ਹਜ਼ਾਰ ਵੋਟਰ : ਕੈਂਪਸ ਦੇ ਲਗਭਗ 55 ਵਿਭਾਗਾਂ ਤੋਂ 15 ਹਜ਼ਾਰ ਦੇ ਕਰੀਬ ਵਿਦਿਆਰਥੀ ਵੋਟ ਪਾਉਣ ਦਾ ਅਧਿਕਾਰ ਰਖਦੇ ਹਨ। 31 ਅਗੱਸਤ ਤਕ ਦਾਖ਼ਲਾ ਲੈਣ ਵਾਲੇ ਵਿਦਿਆਰਥੀ ਵੋਟ ਦੇ ਹੱਕਦਾਰ ਹੋਣਗੇ।