ਪੰਜਾਬ 'ਵਰਸਟੀ ਵਿਦਿਆਰਥੀ ਕੌਂਸਲ ਚੋਣਾਂ ਨਤੀਜਿਆਂ ਦਾ ਵਿਸ਼ਲੇਸ਼ਣ: 1781 ਵੋਟਾਂ ਨੋਟਾ ਦੇ ਹੱਕ 'ਚ

ਚੰਡੀਗੜ੍ਹ


ਚੰਡੀਗੜ੍ਹ, 9 ਸਤੰਬਰ (ਬਠਲਾਣਾ): ਪੰਜਾਬੀ ਯੂਨੀਵਰਸਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ-2017 ਦੇ ਨਤੀਜਿਆਂ ਦੀ ਵਿਸ਼ਲੇਸ਼ਣ ਕਰਦਿਆਂ ਕਈ ਦਿਲਚਸਪ ਤੱਥ ਸਾਹਮਣੇ ਆਏ ਹਨ, ਜਿਸ ਅਨੁਸਾਰ 37 ਫ਼ੀ ਸਦੀ ਵਿਦਿਆਰਥੀਆਂ ਨੇ ਵੋਟਾਂ 'ਚ ਹਿੱਸਾ ਲੈਣ 'ਚ ਕੋਈ ਦਿਲਚਸਪੀ ਨਹੀਂ ਵਿਖਾਈ। ਕਈ ਜਾਣਕਾਰ ਇਸ ਦਾ ਕਾਰਨ ਸੌਦਾ ਸਾਧ ਨੂੰ ਮੰਨਦੇ ਹਨ।

ਦੂਜਾ 1781 ਵੋਟਾਂ ਨੋਟਾ ਦੇ ਹੱਕ ਵਿਚ ਭੁਗਤੀਆਂ ਹਨ। ਪ੍ਰਧਾਨ ਦੇ ਅਹੁਦੇ ਲਈ 240 ਵੋਟਾਂ, ਮੀਤ ਪ੍ਰਧਾਨ ਲਈ 501, ਸਕੱਤਰ ਅਹੁਦੇ ਲਈ 485 ਅਤੇ ਸੰਯੁਕਤ ਸਕੱਤਰ ਲਈ 555 ਵੋਟਾਂ ਨੋਟਾ ਦੇ ਹੱਕ ਵਿਚ ਭੁਗਤੀਆਂ, ਜਿਸ ਦਾ ਸਿੱਧਾ ਭਾਵ ਇਹ ਬਣਦਾ ਹੈ ਕਿ ਲਗਭਗ 18 ਫ਼ੀ ਸਦੀ ਵੋਟਾ ਅਜਿਹੇ ਹਨ, ਜਿਨ੍ਹਾਂ ਨੂੰ ਕੋਈ ਵੀ ਉਮੀਦਵਾਰ ਪਸੰਦ ਨਹੀਂ ਹੈ।

ਉਪਰੋਕਤ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਲਗਭਗ 55 ਫ਼ੀ ਸਦੀ ਵਿਦਿਆਰਥੀ (37 ਫ਼ੀ ਸਦੀ ਵੋਟਾਂ ਨਾ ਪਾਉਣ ਵਾਲੇ + 18 ਫ਼ੀ ਸਦੀ ਨੋਟਾ ਵਾਲੇ) ਵੋਟਾਂ 'ਚ ਕੋਈ ਦਿਲਚਸਪੀ ਨਹੀਂ ਰਖਦੇ।
35 'ਚੋਂ 9 ਉਮੀਦਵਾਰ ਹੀ ਨੋਟਾ ਤੋਂ ਵੱਧ ਵੋਟਾਂ ਲੈ ਸਕੇ: ਉਕਤ ਅੰਕੜਿਆਂ ਤੋਂ ਇਕ ਹੋਰ ਦਿਲਚਸਪ ਤੱਥ ਇਹ ਸਾਹਮਣੇ ਆਇਆ ਹੈ ਕਿ ਇਨ੍ਹਾਂ ਚੋਣਾਂ ਵਿਚ 35 ਉਮੀਦਵਾਰ ਮੈਦਾਨ ਵਿਚ ਹਨ, ਜਿਨ੍ਹਾਂ 'ਚੋਂ 9 ਉਮੀਦਵਾਰ ਹੀ ਅਜਿਹੇ ਹਨ ਜੋ ਨੋਟਾ (1781) ਵਾਲੇ ਅੰਕੜੇ ਨੂੰ ਪਾਰ ਕਰ ਪਾਏ ਹਨ।

ਰਾਜਨੀਤੀ ਵਿਗਿਆਨ 'ਚ 61 ਵੋਟਾਂ, 64 ਪੋਲ ਹੋਈਆਂ: ਯੂਨੀਵਰਸਟੀ ਵਲੋਂ ਜਾਰੀ ਅੰਕੜਿਆਂ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਰਾਜਨੀਤੀ ਵਿਗਿਆਨ 'ਚ ਕੁਲ ਵੋਟਾਂ 61 ਹਨ ਪਰ ਵੋਟਾਂ ਦੀ ਗਿਣਗੀ ਵਾਲੇ ਅੰਕੜਿਆਂ ਅਨੁਸਾਰ ਵਿਭਾਗ 'ਚੋਂ 64 ਵੋਟਾਂ ਪੋਲ ਹੋਈਆਂ ਹਨ। ਹੁਣ ਇਹ ਵੇਖਣਾ ਦਿਲਚਸਪ ਰਹੇਗਾ ਕਿ ਗ਼ਲਤੀ ਕਿੱਥੇ ਹੈ?
ਨੋਟਾ ਦੀ ਵਰਤੋਂ ਯੂ.ਆਈ.ਈ.ਟੀ. ਅਤੇ ਯੂਲਿਸ ਵਿਭਾਗ 'ਚੋਂ: ਕਿਸੇ ਵੀ ਉਮੀਦਵਾਰ ਨੂੰ ਪਸੰਦ ਨਾ ਕਰਨ ਵਾਲੀ ਨੋਟਾ ਵਾਲੀ ਆਪਸ਼ਨ ਦੀ ਸੱਭ ਤੋਂ ਵੱਧ ਵਰਤੋਂ ਯੂ.ਆਈ.ਈ.ਟੀ. ਨੇ ਕੀਤੀ। ਦੂਜਾ ਸਥਾਨ ਯੂਲਿਸ ਦਾ ਹੈ। ਅੰਕੜਿਆਂ ਅਨੁਸਾਰ ਲਗਭਗ648 ਯੂ.ਆਈ.ਈ.ਟੀ. 'ਚੋਂ ਅਤੇ 211 ਯੂਲਿਸ ਵਿਭਾਗ 'ਚੋਂ ਨੋਟਾ ਦੇ ਹੱਕ ਵਿਚ ਭੁਗਤੀਆਂ।

ਜਸ਼ਨ ਨੂੰ ਅਪਣੇ ਵਿਭਾਗ 'ਚੋਂ ਸੱਭ ਤੋਂ ਵੱਧ ਵੋਟਾਂ: ਪ੍ਰਧਾਨਗੀ ਅਹੁਦੇ ਦੇ 5 ਮੁੱਖ ਉਮੀਦਵਾਰਾਂ 'ਚੋਂ ਅਪਣੇ ਵਿਭਾਗਾਂ 'ਚ ਵੁਕਤ ਦਾ ਅੰਦਾਜ਼ਾ ਜੇਕਰ ਵੋਟਾਂ ਦੀ ਗਿਣਤੀ ਤੋਂ ਲਾਇਆ ਜਾਵੇ ਤਾਂ ਜਸ਼ਨ ਕੰਬੋਜ ਨੂੰ ਅਪਣੇ ਵਿਭਾਗ 'ਚੋਂ 77 ਫ਼ੀ ਸਦੀ ਵੋਟ ਮਿਲੀ, ਦੂਜੇ ਸਥਾਨ 'ਤੇ ਏ.ਬੀ.ਵੀ.ਪੀ. ਉਮੀਦਵਾਰ ਅਵਿਨਾਸ਼ ਪਾਂਡੇ ਹੈ, ਜਿਸ ਨੂੰ 58 ਫ਼ੀ ਸਦੀ, ਸੋਈ ਦੇ ਹਰਮਨ ਨੂੰ 40 ਫ਼ੀ ਸਦੀ, ਪੁਸੂ ਦੇ ਕੁਲਦੀਪ ਸਿੰਘ ਨੂੰ 39 ਫ਼ੀ ਸਦੀ ਅਤੇ ਐਸ.ਐਫ਼.ਐਸ. ਦੀ ਹਸਨਪ੍ਰੀਤ ਕੌਰ ਨੂੰ ਸੱਭ ਤੋਂ ਘੱਟ 35 ਫ਼ੀ ਸਦੀ ਵੋਟਾਂ ਅਪਣੇ ਪਿਤਰੀ ਵਿਭਾਗ 'ਚੋਂ ਮਿਲੀਆਂ। ਯੂ.ਆਈ.ਏ.ਐਮ.ਐਸ. ਵਿਭਾਗ 'ਚੋਂ ਸੱਭ ਤੋਂ ਵੱਧ 83 ਫ਼ੀ ਸਦੀ ਵੋਟ ਪੋਲ ਹੋਈ, ਸੱਭ ਤੋਂ ਵੱਡੇ ਯੂ.ਆਈ.ਈ.ਟੀ. 'ਚ 61 ਫ਼ੀ ਸਦੀ, ਲਾਅ 'ਚ 52 ਫ਼ੀ ਸਦੀ, ਪੁਲਿਸ ਪ੍ਰਸ਼ਾਸਨ 'ਚੋਂ 60 ਫ਼ੀ ਸਦੀ ਅਤੇ ਪੰਜਾਬੀ ਵਿਭਾਗ 'ਚੋਂ 52 ਫ਼ੀ ਸਦੀ ਵੋਟ ਪੋਲ ਹੋਈ।

ਰਾਜਨੀਤੀ ਸਾਸਤਰ ਵਿਭਾਗ ਵਿਚ 64 ਵੋਟਾਂ ਭੁਗਤਣ ਬਾਰੇ ਜਦ ਡੀਨ ਵਿਅਿਦਾਰਥੀ ਭਲਾਈ ਪ੍ਰੋ. ਮੈਨੂਅਲ ਨਾਹਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹਾ ਸੰਭਵ ਨਹੀਂ ਲਗਤਾ ਪਰ ਉਹ ਇਹ ਜਾਂਚ ਕਰਨਗੇ ਕਿ ਗ਼ਲਤੀ ਕਿੱਥੇ ਹੋਈ ਹੈ।