ਚੰਡੀਗਡ਼੍ਹ: ਪੰਜਾਬ ਵਿਚ ਫ਼ਾਇਰ ਸੇਵਾਵਾਂ ਨੂੰ ਮਜ਼ਬੂਤੀ ਦੇਣ ਲਈ ਵੱਡੀ ਪੁਲਾਂਘ ਪੁੱਟਦਿਆਂ ਸੂਬੇ ਵਿਚ ਉੱਚ ਦਰਜੇ ਦਾ ਫ਼ਾਇਰ ਸੇਫ਼ਟੀ ਸਿਖਲਾਈ ਕੇਂਦਰ ਬਣੇਗਾ। ਇਸ ਤੋਂ ਇਲਾਵਾ ਸੂਬੇ ਵਿਚ ਫ਼ਾਇਰ ਸੇਵਾਵਾਂ ਦੇ ਬੁਨਿਆਦੀ ਢਾਂਚੇ ਵਿਚ ਵੱਡੇ ਸੁਧਾਰ ਲਿਆਉਣ ਅਤੇ ਅਤਿ-ਆਧੁਨਿਕ ਸਹੂਲਤਾਂ ਲਈ ਪੰਜਾਬ ਸਰਕਾਰ ਨੇ ਭਾਰਤ ਦੇ ਡਾਇਰੈਕਟਰ ਜਨਰਲ ਫ਼ਾਇਰ, ਸਿਵਲ ਡਿਫ਼ੈਂਸ ਨੂੰ 500 ਕਰੋਡ਼ ਰੁਪਏ ਦੇ ਪ੍ਰਾਜੈਕਟ ਖਾਕਾ ਸੌਂਪਿਆ ਜਿਸ ਉਤੇ ਪੰਜਾਬ ਨੂੰ ਪੂਰੀ ਮਦਦ ਦੇਣ ਦਾ ਭਰੋਸਾ ਵੀ ਦਿਤਾ ਹੈ।
ਇਸ ਤੋਂ ਇਲਾਵਾ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਨੂੰ ਫ਼ਾਇਰ ਸੇਵਾਵਾਂ ਲਈ 262 ਕਰੋਡ਼ ਰੁਪਏ ਦੇ ਪ੍ਰਾਜੈਕਟ ਦਾ ਕੇਸ ਵਖਰੇ ਤੌਰ 'ਤੇ ਦਿਤਾ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਚੰਡੀਗਡ਼੍ਹ ਸਥਿਤ ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਸਿੱਧੂ ਨੇ ਦਸਿਆ ਕਿ ਪੰਜਾਬ ਵਿਚ ਮੁੱਢ ਤੋਂ ਹੀ ਫ਼ਾਇਰ ਸੇਵਾਵਾਂ ਅਣਗੌਲੀਆਂ ਰਹੀਆਂ ਜਿਸ ਕਾਰਨ ਸੂਬੇ ਵਿਚ ਅੱਗ ਨਾਲ ਵਾਪਰਨ ਵਾਲੇ ਹਾਦਸਿਆਂ ਵਿਚ ਵਾਧਾ ਹੋਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਦੁਖਾਂਤਕ ਘਟਨਾਵਾਂ ਨੂੰ ਉਨ੍ਹਾਂ ਨੂੰ ਧੁਰ ਅੰਦਰ ਝੰਜੋਡ਼ ਦਿਤਾ ਅਤੇ ਇਨ੍ਹਾਂ ਦੇ ਹੱਲ ਲਈ ਉਨ੍ਹਾਂ ਨੇ ਵਿਭਾਗ ਨੂੰ ਵਿਸਥਾਰਕ ਪ੍ਰਾਜੈਕਟ ਰੀਪੋਰਟਾਂ ਤਿਆਰ ਕਰਨ ਲਈ ਕਿਹਾ। ਉਨ੍ਹਾਂ ਦਸਿਆ ਕਿ ਇਸ ਰੀਪੋਰਟ ਨੂੰ ਲੈ ਕੇ ਬੀਤੇ ਦਿਨੀਂ ਉਹ ਭਾਰਤ ਦੇ ਡਾਇਰੈਕਟਰ ਜਨਰਲ ਫ਼ਾਇਰ, ਸਿਵਲ ਡਿਫ਼ੈਂਸ ਸ੍ਰੀ ਪ੍ਰਕਾਸ਼ ਮਿਸ਼ਰਾ ਨੂੰ ਮਿਲੇ।
ਸਿੱਧੂ ਨੇ ਦਸਿਆ ਕਿ ਇਹ ਸਿਖਲਾਈ ਕੇਂਦਰ 15 ਏਕਡ਼ ਵਿਚ ਬਣੇਗਾ ਜਿਹਡ਼ਾ 23 ਕਰੋਡ਼ ਰੁਪਏ ਵਿਚ ਬਣਾਇਆ ਜਾਵੇਗਾ। ਸ. ਸਿੱਧੂ ਨੇ ਦਸਿਆ ਕਿ ਕੇਂਦਰੀ ਸ਼ਹਿਰੀ ਵਿਕਾਸ ਰਾਜ ਮੰਤਰੀ ਹਰਦੀਪ ਪੁਰੀ ਨੂੰ ਫ਼ਾਇਰ ਸੇਵਾਵਾਂ ਲਈ 262 ਕਰੋਡ਼ ਰੁਪਏ ਦਾ ਵਖਰਾ ਪ੍ਰਾਜੈਕਟ ਬਣਾ ਕੇ ਸੌਂਪਿਆ ਗਿਆ ਜਿਸ ਉਤੇ ਵੀ ਹਾਂਪੱਖੀ ਹੁੰਗਾਰਾ ਮਿਲਿਆ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਸਿੱਧੂ ਨੇ ਕੇਂਦਰ ਨੂੰ ਸੌਂਪੀਆਂ ਪ੍ਰਾਜੈਕਟ ਰੀਪੋਰਟਾਂ ਦੇ ਵੇਰਵੇ ਦਿੰਦਿਆਂ ਦਸਿਆ ਕਿ ਡਾਇਕੈਰਟਰ ਜਨਰਲ ਨੂੰ ਭੇਜੀ ਰੀਪੋਰਟ ਵਿਚ ਫ਼ਾਇਰ ਸਟੇਸ਼ਨਾਂ ਲਈ 270 ਕਰੋਡ਼ ਰੁਪਏ, ਏਰੀਅਲ ਲੈਂਡਰਜ਼ ਲਈ 86 ਕਰੋਡ਼ ਰੁਪਏ, ਐਡਵਾਂਸ ਰੈਸਕਿਊ ਟੈਂਡਰ ਲਈ 60 ਕਰੋਡ਼ ਰੁਪਏ, ਫ਼ਾਇਰ ਸੂਟਸ ਲਈ 18 ਕਰੋਡ਼ ਰੁਪਏ, ਕੁਇਕ ਰਿਸਪਾਂਸ ਵਹੀਨਲ ਲਈ 20 ਕਰੋਡ਼ ਰੁਪਏ, ਸਿਖਲਾਈ ਕੇਂਦਰ ਲਈ 23 ਕਰੋਡ਼ ਰੁਪਏ, ਫ਼ਾਇਰ ਸੇਫ਼ਟੀ ਸਬੰਧੀ ਜਾਗਰੂਕਤਾ ਮੁਹਿੰਮ ਲਈ 5 ਕਰੋਡ਼ ਰੁਪਏ, ਫ਼ਾਇਰ ਆਡਿਟ ਲਈ 3 ਕਰੋਡ਼ ਅਤੇ ਸਿਵਸ ਡਿਫ਼ੈਂਸ ਲਈ 5 ਕਰੋਡ਼ ਰੁਪਏ ਦਾ ਕੇਸ ਭੇਜਿਆ ਹੈ। ਇਸੇ ਤਰ੍ਹਾਂ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਨੂੰ ਸੌਂਪੀ ਰਿਪੋਰਟ ਵਿਚ ਫ਼ਾਇਰ ਟੈਂਡਰ ਲਈ 144 ਕਰੋਡ਼ ਰੁਪਏ, ਏਰੀਅਲ ਲੈਡਰ (ਟੀ.ਟੀ.ਐਲ.) ਲਈ 78 ਕਰੋਡ਼ ਰੁਪਏ, ਰੈਸਕਿਊ ਟੈਂਡਰ ਲਈ 20 ਕਰੋਡ਼ ਰੁਪਏ, ਕਿੱਟਾਂ ਲਈ 17.60 ਕਰੋਡ਼ ਰੁਪਏ ਅਤੇ ਜਾਨ ਬਚਾਉ ਉਪਕਰਨਾਂ ਲਈ 3 ਕਰੋਡ਼ ਰੁਪਏ ਦਾ ਕੇਸ ਭੇਜਿਆ ਹੈ।