ਪੰਜਾਬ ਯੂਨੀਵਰਸਟੀ: ਪ੍ਰਚਾਰ ਖ਼ਤਮ, ਸੁਰੱਖਿਆ ਸਖ਼ਤ, ਚੋਣਾਂ ਭਲਕੇ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ, 5 ਸਤੰਬਰ (ਬਠਲਾਣਾ): ਸ਼ਹਿਰ ਦੇ 10 ਡਿਗਰੀ ਕਾਲਜਾਂ ਵਿਚ ਕੁੜੀਆਂ ਨੇ ਚੋਣਾਂ ਲੜਨ ਵਿਚ ਮੁੰਡਿਆਂ ਨੂੰ ਮਾਤ ਪਾ ਦਿਤੀ ਹੈ। 11 ਕਾਲਜਾਂ ਵਿਚੋਂ 10 ਕਾਲਜਾਂ ਵਿਚ ਇਹ ਚੋਣਾਂ ਹੋ ਰਹੀਆਂ ਹਨ, ਕੁੜੀਆਂ ਦੇ ਸੈਕਟਰ-11 ਵਾਲੇ ਕਾਲਜ ਵਚ ਸਾਰੇ ਉਮਦੀਵਾਰਾਂ ਦੇ ਕਾਗ਼ਜ਼ ਰੱਦ ਹੋਦ ਨਾਲ ਚੋਣ ਨਹੀਂ ਹੋ ਰਹੀ। ਕਾਲਜਾਂ ਵਿਚ ਖੁਲ੍ਹਾ ਚੋਣ ਪ੍ਰਚਾਰ ਅੱਜ ਸ਼ਾਮੀ 5 ਵਜੇ ਬੰਦ ਹੋ ਗਿਆ। ਉਂਜ ਨਿਜੀ ਮਿਲਣੀਆਂ ਦਾ ਦੌਰਾ ਜਾਰੀ ਹੈ।
10 ਕਾਲਜਾਂ ਵਿਚ 108 ਉਮੀਦਵਾਰ ਮੈਦਾਨ 'ਚ : ਸ਼ਹਿਰ ਦੇ 10 ਡਿਗਰੀ ਕਾਲਜਾਂ ਵਿਚ 108 ਉਮੀਦਵਾਰ ਮੈਦਾਨ ਵਿਚ ਹਨ ਜਿਨ੍ਹਾਂ ਵਿਚ 50 ਮੁੰਡੇ ਅਤੇ 58 ਕੁੜੀਆਂ ਹਨ। ਇੰਨਾ ਹੀ ਨਹੀਂ, ਪ੍ਰਧਾਨਗੀ ਅਹੁਦੇ ਲਈ ਜਿਹੜੇ 33 ਉਮੀਦਵਾਰ ਮੈਦਾਨ ਵਿਚ ਹਨ, ਉਨ੍ਹਾਂ ਵਿਚੋਂ ਵੀ 16 ਕੁੜੀਆਂ ਹਨ। ਸੱਭ ਤੋਂ ਵੱਧ ਪ੍ਰਧਾਨਗੀ ਅਹੁਦੇ ਲਈ 6 ਕੁੜੀਆਂ ਐਮ.ਸੀ.ਐਮ. ਡੀ.ਏ.ਵੀ. ਕਾਲਜ ਸੈਕਟਰ-10 ਵਿਚ ਹਨ। ਮੀਤ ਪ੍ਰਧਾਨ ਦੇ ਅਹੁਦੇ ਲਈ ਮੁੰਡੇ ਅਤੇ ਕੁੜੀਆਂ ਉਮੀਦਵਾਰਾਂ ਦੀ ਗਿਣਤੀ 12-12 ਹੈ। ਸਕੱਤਰ ਅਹੁਦੇ ਲਈ ਤਾਂ ਕੁੜੀਆਂ ਬਾਜ਼ੀ ਮਾਰ ਗਈਆਂ। ਇਥੇ 14 ਮੁੰਡਿਆਂ ਦੇ ਮੁਕਾਬਲੇ 16 ਕੁੜੀਆਂ ਹਨ। ਸੰਯੁਕਤ ਸਕੱਤਰ ਅਹੁਦੇ ਲਈ ਕੁੜੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਦੁਗਣੀ ਹੈ। 7 ਮੁੰਡਿਆਂ ਦੇ ਮੁਕਾਬਲੇ 14 ਕੁੜੀਆਂ ਮੈਦਾਨ ਵਿਚ ਹਨ। ਸ਼ਹਿਰ ਦੇ ਕਾਲਜਾਂ ਵਿਚ ਜਿਹੜੇ 108 ਉਮਦੀਵਾਰ ਮੈਦਾਨ ਵਿਚ ਹਨ, ਉਨ੍ਹਾਂ 'ਚੋਂ ਪ੍ਰਧਾਨਗੀ ਅਹੁਦੇ ਲਈ 33, ਮੀਤ ਪ੍ਰਧਾਨ ਲਈ 24, ਸਕੱਤਰ ਅਹੁਦੇ ਲਈ 30 ਅਤੇ ਸੰਯੁਕਤ ਸਕੱਤਰ ਦੇ ਅਹੁਦੇ ਲਈ 21 ਉਮੀਦਵਾਰ ਹਨ।
ਨਿਰਵਿਰੋਧ ਜੇਤੂ : ਗੁਰੂ ਗੋਬਿੰਦ ਸਿੰਘ ਕਾਲਜ ਫ਼ਾਰ ਵੁਮੈਨ ਸੈਕਟਰ-26 ਵਿਚ ਤਾਂ ਸਾਰੇ ਉਮੀਦਵਾਰ ਨਿਰਵਿਰੋਧ ਚੁਣ ਲਏ ਗਏ ਹਨ। ਅੰਜੁਮ ਨੂੰ ਪ੍ਰਧਾਨ, ਨਵਦੀਪ ਕੌਰ ਮੀਤ ਪ੍ਰਧਾਨ, ਥਾਲੂ ਚਕੋਰ ਸਕੱਤਰ ਅਤੇ ਮੋਨਿਕਾ ਡੋਗਰ ਨੁੰ ਸੰਯੁਕਤ ਸਕੱਤਰ ਚੁਣਿਆ ਗਿਆ।