ਪੰਜਾਬੀ ਸ਼ਾਇਰ 'ਸੁਰਜੀਤ ਪਾਤਰ' ਨੇ ਜਨਤਾ ਨਾਲ ਸਾਂਝੀ ਕੀਤੀ ਇਹ ਪਰੇਸ਼ਾਨੀ

ਚੰਡੀਗੜ੍ਹ, ਚੰਡੀਗੜ੍ਹ

ਚੰਡੀਗੜ੍ਹ: ਪੰਜਾਬੀ ਯੂਨੀਵਰਸਿਟੀ ਦੇ ਵਿਹੜੇ ਵਿਚ 'ਅੰਤਰਰਾਸ਼ਟਰੀ ਮਾਂ ਬੋਲੀ ਦਿਵਸ' ਨੂੰ ਸਮਰਪਤ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਮਸ਼ਹੂਰ ਸ਼ਾਇਰ ਅਤੇ ਪੰਜਾਬ ਕਲਾ ਪਰਿਸ਼ਦ ਦੇ ਪ੍ਰਧਾਨ ਡਾ. ਸੁਰਜੀਤ ਪਾਤਰ ਨਾਲ ਰੂ - ਬ - ਰੂ ਕਰਵਾਇਆ ਗਿਆ। ਪੰਜਾਬ ਦੇ ਮਸ਼ਹੂਰ ਸ਼ਾਇਰ ਅਤੇ ਪੰਜਾਬ ਕਲਾ ਪਰਿਸ਼ਦ ਦੇ ਪ੍ਰਧਾਨ ਸੁਰਜੀਤ ਪਾਤਰ ਇਨ੍ਹੀਂ ਦਿਨੀਂ ਇਕ ਪਰੇਸ਼ਾਨੀ 'ਚੋਂ ਲੰਘ ਰਹੇ ਹਨ, ਜੋ ਕਿ ਉਨ੍ਹਾਂ ਨੇ ਜਨਤਾ ਨਾਲ ਸਾਂਝੀ ਕੀਤੀ ਹੈ। 

ਸੁਰਜੀਤ ਪਾਤਰ ਨੇ ਪੰਜਾਬ ਕਲਾ ਭਵਨ-16 'ਚ ਆਪਣਾ ਤਜ਼ੁਰਬਾ ਸਾਂਝਾ ਕਰਦਿਆਂ ਦੱਸਿਆ ਕਿ ਜਦੋਂ ਤੋਂ ਉਨ੍ਹਾਂ ਨੇ ਪੰਜਾਬ ਕਲਾ ਪਰਿਸ਼ਦ ਦੀ ਕੁਰਸੀ ਸੰਭਾਲੀ ਹੈ, ਉਸ ਸਮੇਂ ਤੋਂ ਉਨ੍ਹਾਂ ਨੂੰ ਲਿਖਣ ਦਾ ਮੌਕਾ ਹੀ ਨਹੀਂ ਮਿਲ ਰਿਹਾ। ਉਨ੍ਹਾਂ ਦੱਸਿਆ ਕਿ ਅਕਸਰ ਉਹ ਲੰਬੇ ਟੂਰਾਂ 'ਤੇ ਰਹਿੰਦੇ ਹਨ ਅਤੇ ਅਜਿਹੇ 'ਚ ਗੱਡੀ 'ਚ ਬੈਠੇ-ਬੈਠੇ ਹੀ ਉਨ੍ਹਾਂ ਨੂੰ ਲਿਖਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਲਿਖਣ ਲਈ ਮੌਕਾ ਕੱਢਣਾ ਉਨ੍ਹਾਂ ਲਈ ਮੁਸ਼ਕਲ ਹੋ ਗਿਆ ਹੈ।

ਇਸ ਦੇ ਨਾਲ ਹੀ ਸੁਰਜੀਤ ਪਾਤਰ ਨੇ ਕਿਹਾ ਕਿ ਨੌਜਵਾਨ ਸਾਹਿਤਕਾਰਾਂ ਨੂੰ ਸਾਹਿਤ ਨਾਲ ਜੋੜਨ ਲਈ ਉਨ੍ਹਾਂ ਵਲੋਂ ਕਈ ਤਰ੍ਹਾਂ ਦੀਆਂ ਸੱਭਿਆਚਾਰਕ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਂਝ ਤਾਂ ਜ਼ਿਆਦਾਤਰ ਉਨ੍ਹਾਂ ਦਾ ਸਮਾਂ ਪੰਜਾਬ ਦੇ ਵੱਖ-ਵੱਖ ਪਿੰਡਾਂ 'ਚ ਘੁੰਮਦੇ ਹੋਏ ਲੰਘਦਾ ਹੈ। ਅਜਿਹੇ 'ਚ ਹਰ ਥਾਂ 'ਤੇ ਸਿੱਖਿਆ ਤੋਂ ਲੈ ਕੇ ਸਾਹਿਤ ਤੱਕ ਉਹ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਸਾਡੀਆਂ ਕਈ ਪ੍ਰਸਿੱਧ ਸੰਸਥਾਵਾਂ 'ਚੋਂ ਗਾਇਬ ਹੋ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਆਦਾਤਰ ਕਾਨਵੈਂਟ ਸਕੂਲਾਂ 'ਚ ਤਾਂ ਪੰਜਾਬੀ ਬੋਲਣ 'ਤੇ ਜ਼ੁਰਮਾਨਾ ਲਾਇਆ ਜਾ ਰਿਹਾ ਹੈ, ਅਜਿਹੇ 'ਚ ਪੰਜਾਬੀ ਭਾਸ਼ਾ ਕਿਵੇਂ ਭਵਿੱਖ 'ਚ ਜਗ੍ਹਾ ਬਣਾ ਸਕੇਗੀ।